India International Technology

ਰਿਲਾਇੰਸ-ਡਿਜ਼ਨੀ ਦਾ ਰਲੇਵਾਂ ਮੁਕੰਮਲ! 75 ਕਰੋੜ ਦਰਸ਼ਕਾਂ ਨਾਲ ਦੇਸ਼ ਦਾ ਸਭ ਤੋਂ ਵੱਡਾ ਮਨੋਰੰਜਨ ਪਲੇਟਫਾਰਮ, ਨੀਤਾ ਅੰਬਾਨੀ ਚੇਅਰਪਰਸਨ

ਬਿਉਰੋ ਰਿਪੋਰਟ: ਡਿਜ਼ਨੀ ਅਤੇ ਰਿਲਾਇੰਸ ਐਂਟਰਟੇਨਮੈਂਟ ਹੁਣ ਇੱਕ ਹੋ ਗਏ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ, ਵਾਇਆਕਾਮ-18 ਅਤੇ ਡਿਜ਼ਨੀ ਇੰਡੀਆ ਨੇ ਵੀਰਵਾਰ, 14 ਨਵੰਬਰ ਨੂੰ ਇਸ ਦਾ ਐਲਾਨ ਕੀਤਾ। ਇਸ ਰਲੇਵੇਂ ਤੋਂ ਬਾਅਦ ਡਿਜ਼ਨੀ ਅਤੇ ਰਿਲਾਇੰਸ ਦੇਸ਼ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਬਣ ਗਈ ਹੈ। ਡਿਜ਼ਨੀ-ਰਿਲਾਇੰਸ ਐਂਟਰਟੇਨਮੈਂਟ ਦੇ ਹੁਣ 2 OTT ਅਤੇ 120 ਚੈਨਲਾਂ ਦੇ ਨਾਲ 75 ਕਰੋੜ ਦਰਸ਼ਕ ਹਨ। ਰਿਲਾਇੰਸ ਨੇ ਇਸ ਸਾਂਝੇ ਉੱਦਮ ਲਈ 11,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਡੀਲ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ।

ਦੋਵਾਂ ਕੰਪਨੀਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਸੌਦਾ 70,352 ਕਰੋੜ ਰੁਪਏ ਵਿੱਚ ਹੋਇਆ ਹੈ। ਰਲੇਵੇਂ ਤੋਂ ਬਾਅਦ ਬਣੀ ਕੰਪਨੀ ਵਿੱਚ ਰਿਲਾਇੰਸ ਕੋਲ 63.16% ਹਿੱਸੇਦਾਰੀ ਹੋਵੇਗੀ ਅਤੇ ਡਿਜ਼ਨੀ ਕੋਲ 36.84% ਹਿੱਸੇਦਾਰੀ ਹੋਵੇਗੀ। ਇਸ ਨਵੀਂ ਕੰਪਨੀ ਦੀ ਚੇਅਰਪਰਸਨ ਨੀਤਾ ਅੰਬਾਨੀ ਹੋਵੇਗੀ। ਵਾਈਸ ਚੇਅਰਪਰਸਨ ਉਦੈ ਸ਼ੰਕਰ ਹੋਣਗੇ। ਇਹ ਕੰਪਨੀ ਨੂੰ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨਗੇ।

ਕਾਰੋਬਾਰ ਦੀ ਅਗਵਾਈ ਕਰਨਗੇ ਤਿੰਨ CEO

ਇਸ ਰਲੇਵੇਂ ਤੋਂ ਬਾਅਦ ਤਿੰਨ ਸੀਈਓ ਇਸ ਸਾਂਝੇ ਉੱਦਮ ਦੀ ਅਗਵਾਈ ਕਰਨਗੇ। ਕੇਵਿਨ ਵਾਜ਼ ਮਨੋਰੰਜਨ ਸੰਸਥਾ ਦੇ ਮੁਖੀ ਹੋਣਗੇ। ਕਿਰਨ ਮਨੀ ਡਿਜੀਟਲ ਸੰਸਥਾ ਦਾ ਚਾਰਜ ਸੰਭਾਲਣਗੇ। ਸੰਜੋਗ ਗੁਪਤਾ ਖੇਡ ਸੰਸਥਾ ਦੀ ਅਗਵਾਈ ਕਰਨਗੇ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਸਬੰਧੀ ਕਿਹਾ ਕਿ ਇਸ ਸਾਂਝੇ ਉੱਦਮ ਨਾਲ, ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਇੱਕ ਤਬਦੀਲੀ ਦੇ ਦੌਰ ਵਿੱਚ ਦਾਖ਼ਲ ਹੋ ਰਿਹਾ ਹੈ। ਮੈਂ ਸਾਂਝੇ ਉੱਦਮ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਇਸਦੀ ਸਫਲਤਾ ਦੀ ਕਾਮਨਾ ਕਰਦਾ ਹਾਂ।

ਰਿਲਾਇੰਸ ਦੀ ਮਾਰਕੀਟ ਕੈਪ 17 ਲੱਖ ਕਰੋੜ ਰੁਪਏ ਤੋਂ ਜ਼ਿਆਦਾ

ਰਿਲਾਇੰਸ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਸੈਕਟਰ ਕੰਪਨੀਆਂ ਵਿੱਚੋਂ ਇੱਕ ਹੈ। ਇਸ ਦੀ ਮਾਰਕੀਟ ਕੈਪ 17,15,498.91 ਕਰੋੜ ਰੁਪਏ ਹੈ। ਰਿਲਾਇੰਸ ਵਰਤਮਾਨ ਵਿੱਚ ਹਾਈਡ੍ਰੋਕਾਰਬਨ ਖੋਜ ਅਤੇ ਉਤਪਾਦਨ, ਪੈਟਰੋਲੀਅਮ ਰਿਫਾਇਨਿੰਗ ਅਤੇ ਮਾਰਕੀਟਿੰਗ, ਪੈਟਰੋ ਕੈਮੀਕਲ, ਉੱਨਤ ਸਮੱਗਰੀ ਅਤੇ ਕੰਪੋਜ਼ਿਟਸ, ਨਵਿਆਉਣਯੋਗ ਊਰਜਾ (ਸੂਰਜੀ ਅਤੇ ਹਾਈਡਰੋਜਨ), ਡਿਜੀਟਲ ਸੇਵਾਵਾਂ ਅਤੇ ਪ੍ਰਚੂਨ ਖੇਤਰਾਂ ਵਿੱਚ ਕੰਮ ਕਰਦੀ ਹੈ।