India Punjab

ਰੇਖਾ ਗੁਪਤਾ ਹੋਣਗੇ ਦਿੱਲੀ ਦੀ ਨਵੀਂ ਮੁੱਖ ਮੰਤਰੀ ! ਕੱਲ੍ਹ ਚੁੱਕਣਗੇ ਸਹੁੰ,ਜਾਣੋ ਕਿਉਂ ਬੀਜੇਪੀ ਨੇ ਮਹਿਲਾ CM ਨੂੰ ਚੁਣਿਆ

ਬਿਉਰੋ ਰਿਪੋਰਟ – 50 ਸਾਲ ਦੀ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਣਗੇ,ਬੀਜੇਪੀ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗੀ ਹੈ । ਕੱਲ੍ਹ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 6 ਕੈਬਨਿਟ ਮੰਤਰੀ ਦੇ ਨਾਲ ਮੁੱਖ ਮੰਤਰੀ ਦੀ ਸਹੁੰ ਚੁੱਕ ਚੁੱਕਣਗੇ । ਰੇਖਾ ਗੁਪਤਾ ਦਿੱਲੀ ਦੇ ਸ਼ਾਲੀਮਾਰ ਬਾਗ ਤੋਂ ਚੁਣੀ ਗਈ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੇਖਾ ਗੁਪਤਾ ਦੇ ਲਈ ਪ੍ਰਚਾਰ ਕੀਤਾ ਸੀ । RSS ਦੇ ਕਰੀਬੀ ਅਤੇ ਮਹਿਲਾ ਹੋਣ ਦੀ ਵਜ੍ਹਾ ਕਰਕੇ ਰੇਖਾ ਗੁਪਤਾ ਦੇ ਨਾਂ ‘ਤੇ ਪਾਰਟੀ ਨੇ ਮੋਹਰ ਲਗਾਈ । ਅੱਜ ਬੀਜੇਪੀ ਪਾਰਲੀਮੈਂਟ ਬੋਰਡ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ,ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ ਸਨ। ਉਸੇ ਮੀਟਿੰਗ ਵਿੱਚ ਰੇਖਾ ਗੁਪਤਾ ਦੇ ਨਾਂ ‘ਤੇ ਮੋਹਰ ਲੱਗੀ ਸੀ ।

ਹੁਣ ਤੱਕ ਬੀਜੇਪੀ ਗਠਜੋੜ ਦੀ 21 ਸੂਬਿਆਂ ਵਿੱਚ ਸਰਕਾਰ ਹੈ ਪਰ ਕਿਸੇ ਵੀ ਸੂਬੇ ਵਿੱਚ ਮਹਿਲਾ ਮੁੱਖ ਮੰਤਰੀ ਨਹੀਂ ਸੀ, ਇਸੇ ਲਈ ਪਾਰਟੀ ਦੇ ਵੱਲੋਂ ਮਹਿਲਾ ਮੁੱਖ ਮੰਤਰੀ ਦੇ ਜ਼ਰੀਏ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ । ਦਿੱਲੀ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੂੰ ਮਹਿਲਾ ਵੋਟ ਪੁਰਸ਼ਾਂ ਦੇ ਮੁਕਾਬਲੇ ਘੱਟ ਵੋਟ ਮਿਲੇ ਸਨ ਇਸੇ ਲਈ ਬੀਜੇਪੀ ਹੁਣ ਮਹਿਲਾਵਾਂ ਮੁੱਖ ਮੰਤਰੀ ਦਾ ਕਾਰਡ ਖੇਡ ਰਹੀ ਹੈ ।

ਰੇਖਾ ਗੁਪਤਾ ਇਸ ਤੋਂ ਪਹਿਲਾਂ ਦਿੱਲੀ ਬੀਜੇਪੀ ਦੀ ਜਨਰਲ ਸਕੱਤਰ ਅਤੇ ਮਹਿਲਾ ਮੋਰਚੇ ਦੀ ਕੌਮੀ ਉੱਪ ਪ੍ਰਧਾਨ ਵੀ ਹਨ । ਰੇਖਾ ਦੱਖਣੀ ਦਿੱਲੀ ਨਗਰ ਨਿਗਮ ਤੋਂ ਮੇਅਰ ਦਾ ਅਹੁਦਾ ਵੀ ਸੰਭਾਲ ਚੁੱਕੀ ਹਨ।

ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਭ ਤੋਂ ਪਹਿਲਾਂ ਪ੍ਰਵੇਸ਼ ਵਰਮਾ ਦਾ ਨਾਂ ਅੱਗੇ ਚੱਲ ਰਿਹਾ ਸੀ ਉਨ੍ਹਾਂ ਨੇ ਨਵੀਂ ਦਿੱਲੀ ਸੀਟ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ । ਇਸ ਤੋਂ ਇਲਾਵਾ ਰੋਹਣੀ ਤੋਂ 3 ਵਾਰ ਦੇ ਜੇਤੂ ਵਿਧਾਇਕ ਵਿਜੇਂਦਰ ਗੁਪਤਾ ਵੀ ਰੇਸ ਵਿੱਚ ਸਨ । ਦਿੱਲ਼ੀ ਬੀਜੇਪੀ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਦਿਆਏ ਮੁੱਖ ਮੰਤਰੀ ਦੀ ਦੌੜ ਵਿੱਚ ਨਜ਼ਰ ਆ ਰਹੇ ਸਨ।