Punjab

ਚੰਡੀਗੜ੍ਹ ‘ਚ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ

Registration of two-wheelers closed in Chandigarh, a big shock to those buying vehicles on Diwali

ਚੰਡੀਗੜ੍ਹ ‘ਚ ਇਲੈਕਟ੍ਰਿਕ ਵਹੀਕਲ (ਈ ਵੀ) ਪਾਲਿਸੀ ਕਾਰਨ ਐਤਵਾਰ ਤੋਂ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਦੋਪਹੀਆ ਵਾਹਨ ਡੀਲਰਾਂ ਨੂੰ ਦੀਵਾਲੀ ‘ਤੇ ਕਰੀਬ 4000 ਨਵੇਂ ਵਾਹਨ ਵੇਚਣ ਦੀ ਉਮੀਦ ਸੀ, ਜਿਸ ਨੂੰ ਝਟਕਾ ਲੱਗਾ ਹੈ। ਚੰਡੀਗੜ੍ਹ ਵਿੱਚ ਹਰ ਸਾਲ ਕਰੀਬ 20 ਹਜ਼ਾਰ ਦੋਪਹੀਆ ਵਾਹਨ ਵਿਕਦੇ ਹਨ। ਹਰ ਮਹੀਨੇ ਔਸਤਨ 1600 ਵਾਹਨ ਵਿਕਦੇ ਹਨ। ਪਰ ਦੀਵਾਲੀ ਦੇ ਮਹੀਨੇ ਇਹ ਗਿਣਤੀ ਵੱਧ ਕੇ 4 ਹਜ਼ਾਰ ਦੇ ਕਰੀਬ ਹੋ ਜਾਂਦੀ ਹੈ।

500 ਵਾਹਨਾਂ ਦੀ ਐਡਵਾਂਸ ਬੁਕਿੰਗ

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਚੰਡੀਗੜ੍ਹ ਦੇ ਦੋ ਪਹੀਆ ਵਾਹਨ ਡੀਲਰਾਂ ਨੇ ਦੀਵਾਲੀ ‘ਤੇ ਖ਼ਰੀਦਦਾਰੀ ਲਈ ਕਰੀਬ 500 ਵਾਹਨਾਂ ਦੀ ਐਡਵਾਂਸ ਬੁਕਿੰਗ ਕਰਵਾਈ ਹੈ। ਅਜਿਹੇ ‘ਚ ਦੋਪਹੀਆ ਵਾਹਨ ਡੀਲਰਾਂ ਅਤੇ ਨਵੇਂ ਵਾਹਨ ਖ਼ਰੀਦਣ ਵਾਲਿਆਂ ਲਈ ਇਹ ਵੱਡਾ ਝਟਕਾ ਹੈ। ਜੇਕਰ ਇਲੈਕਟ੍ਰਿਕ ਵਾਹਨ ਪਾਲਿਸੀ ਵਿੱਚ ਛੋਟ ਨਹੀਂ ਦਿੱਤੀ ਜਾਂਦੀ ਹੈ, ਤਾਂ ਡੀਲਰਾਂ ਨੂੰ ਬੁਕਿੰਗ ਦੀ ਰਕਮ ਵਾਪਸ ਕਰਨੀ ਪਵੇਗੀ।

ਇਕ ਦੋਪਹੀਆ ਵਾਹਨ ਡੀਲਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਚੰਡੀਗੜ੍ਹ ‘ਚ ਦੋਪਹੀਆ ਵਾਹਨ ਏਜੰਸੀਆਂ ‘ਚ ਕਰੀਬ 2500 ਕਰਮਚਾਰੀ ਕੰਮ ਕਰਦੇ ਹਨ। ਜੇਕਰ ਇੱਕ ਪਰਿਵਾਰ ਵਿੱਚ ਔਸਤਨ 4 ਮੈਂਬਰ ਹੋਣ ਤਾਂ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਕਰੀਬ 10 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ। ਜੇਕਰ ਕੈਪਿੰਗ ਵਿੱਚ ਢਿੱਲ ਨਾ ਦਿੱਤੀ ਗਈ ਤਾਂ ਦੋਪਹੀਆ ਵਾਹਨਾਂ ਦੇ ਡੀਲਰਾਂ ਨੂੰ ਦੀਵਾਲੀ ਤੋਂ ਪਹਿਲਾਂ ਆਪਣੇ ਸ਼ੋਅਰੂਮ ਬੰਦ ਕਰਨੇ ਪੈਣਗੇ। ਅਜਿਹੇ ‘ਚ ਇਨ੍ਹਾਂ ਡੀਲਰਾਂ ਨੂੰ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਨਾਲ ਹੀ 10 ਹਜ਼ਾਰ ਲੋਕਾਂ ਦੀ ਦੀਵਾਲੀ ਵੀ ਇਸ ਵਾਰ ਕਾਲੀ ਦੀਵਾਲੀ ਹੋਵੇਗੀ।

ਚੰਡੀਗੜ੍ਹ ਪ੍ਰਸ਼ਾਸਨ ਨੇ 18 ਅਕਤੂਬਰ ਨੂੰ fuel based two wheelers ਨੂੰ 10 ਫ਼ੀਸਦੀ ਵਾਧੂ ਟੈਕਸ ਛੋਟ ਦਿੱਤੀ ਸੀ। ਜੋ ਕਿ ਲਗਭਗ 1609 ਰੁਪਏ ਹੈ। ਸ਼ਨੀਵਾਰ ਸ਼ਾਮ ਤੱਕ ਕਰੀਬ 1564 ਵਾਹਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਤੋਂ ਬਾਅਦ ਐਤਵਾਰ ਨੂੰ ਜਿਵੇਂ ਹੀ 45 ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਤਾਂ ਪੋਰਟਲ ਆਪਣੇ ਆਪ ਬੰਦ ਹੋ ਗਿਆ। ਇਹ ਦੁਪਹਿਰ ਕਰੀਬ 2 ਵਜੇ ਤੋਂ ਬੰਦ ਹੈ। ਹੁਣ ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋ ਰਹੀ ਹੈ। ਡੀਲਰਾਂ ਨੂੰ ਪ੍ਰਸ਼ਾਸਨ ਤੋਂ ਢਿੱਲ ਦੀ ਉਮੀਦ ਹੈ।