ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਅਹਿਮ ਮੁੱਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਵਿੱਚ ਹੈਪੀ ਨਾਂ ਦੇ ਮਨਮੱਤੀ ਵੱਲੋਂ, ਜੋ ਕਿ ਮੜੀਆਂ ਦੀਆਂ ਪੂਜਾ ਕਰਦਾ ਹੈ, ਉਸ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੜੀਆਂ ਵਿੱਚ ਪ੍ਰਕਾਸ਼ ਕੀਤਾ ਗਿਆ ਸੀ। ਸਿੱਖ ਸੰਗਤਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਮੰਨਦਿਆਂ ਹੋਇਆ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੁੱਕ ਕੇ ਲਿਜਾਇਆ ਗਿਆ।
ਉਸ ਪਖੰਡੀ ਵੱਲੋਂ ਇਸਦੇ ਵਿਰੋਧ ਵਿੱਚ ਸਿੱਖ ਸੰਗਤ ਖਿਲਾਫ਼ ਪਰਚੇ ਦਰਜ ਕਰਵਾਏ ਗਏ, ਗ੍ਰਿਫਤਾਰੀਆਂ ਹੋਈਆਂ। ਹੁਣ ਫਿਰ ਤਿੰਨ ਸਾਲ ਬਾਅਦ ਉਸ ਪਖੰਡੀ ਵੱਲੋਂ ਪ੍ਰਸ਼ਾਸਨ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ।
ਰਾਜਸਥਾਨ ਦੇ ਪੁਲਿਸ ਮੁਖੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਤਰ ਲਿਖ ਕੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਜਥੇਦਾਰ ਨੇ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਹੈਪੀ ਨਾਮ ਦੇ ਪਖੰਡੀ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ। ਜਥੇਦਾਰ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਾਜਾਇਜ਼ ਗ੍ਰਿਫਤਾਰੀਆਂ ਬਿਲਕੁਲ ਨਾ ਕੀਤੀਆਂ ਜਾਣ ਅਤੇ ਮਾਹੌਲ ਖਰਾਬ ਹੋਣ ਤੋਂ ਬਚਾਇਆ ਜਾਵੇ।