ਅੰਮ੍ਰਿਤਸਰ : ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ। ਕਿਸਾਨ ਆਗੂਆਂ ਨੇ ਸੜਕਾਂ, ਰੇਲਵੇ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਪੰਜਾਬ ਬੰਦ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਪੰਜਾਬ ਨੂੰ ਜਾਣ ਵਾਲੀਆਂ 107 ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਦੇ ਸੱਦੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰਨਾਲਾ ਅੰਮ੍ਰਿਤਸਰ, ਫ਼ਤਹਿਹੜ੍ਹ ਸਾਹਿਬ ਸਮੇਤ 140 ਥਾਵਾਂ ‘ਤੇ ਪੰਜਾਬ ਬੰਦ ਕੀਤਾ ਗਿਆ ਹੈ। ਨੈੱਟ ਬੰਦ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੇ ਉਨ੍ਹਾਂ ਨੇ ਕਿਹਾ ਕਿ ਕੁਝ RSS, ਭਾਜਪਾ ਜਾਂ ਫਿਰ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਹਨ ਜੋ ਇਹ ਅਫ਼ਵਾਹਾਂ ਫੈਲਾ ਰਹੀਆਂ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਤਾਂ ਜੋ ਉਨ੍ਹਾਂ ਦੀਆਂ ਆਵਾਜ਼ ਕੇਂਦਰ ਤੱਕ ਪਹੁੰਚ ਸਕੇ। ਪੰਧੇਰ ਨੇ ਦੱਸਿਆ ਕਿ ਪੰਜਾਬ ਬੰਦ ਦੌਰਾਨ ਸੜਕੀ ਆਵਾਜ਼ੀ, ਰੇਲ ਆਵਾਜਾਈ, ਦੁਕਾਨਦਾਰੀ ਵੀ ਬੰਦ ਰਹੇਗੀ ਅਤੇ ਨਾਲ ਹੀ ਸਰਕਾਰੀ ਅਤੇ ਗੈਰ ਸਰਕਾਰੀ ਦਫਤਰ ਵੀ ਬੰਦ ਰਹਿਣਗੇ। ਨਾਲ ਹੀ ਕੋਈ ਵੀ ਵਿਅਕਤੀ ਸੜਕਾਂ ’ਤੇ ਨਹੀਂ ਹੋਵੇਗਾ।
ਪੰਧੇਰ ਨੇ ਕਿਹਾ ਕਿ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਬਾਕੀ ਸਭ ਕੁਝ ਬੰਦ ਰਹੇਗਾ, ਜਿਨ੍ਹਾਂ ’ਚ ਸਬਜ਼ੀ ਮੰਡੀਆਂ, ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਆਦਿ ਸ਼ਾਮਲ ਹਨ। ਹਾਲਾਂਕਿ ਮੈਡੀਕਲ ਸੇਵਾ, ਵਿਆਹ ਦਾ ਸਮਾਗਮ, ਨੌਕਰੀ ਲਈ ਇੰਟਰਵਿਊ ਦੇਣ ਵਾਲੇ, ਏਅਰਪੋਰਟ ਜਾਣ ਵਾਲੀਆਂ ਵਰਗੀਆਂ ਸੇਵਾਵਾਂ ਨੂੰ ਬਹਾਲ ਰਹਿਣਗੀਆਂ।
ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਜਾਮ
ਕਿਸਾਨਾਂ ਨੇ ਜਲੰਧਰ ਦੇ ਧੰਨੋਵਾਲੀ ਰੇਲਵੇ ਫਾਟਕ ਨੇੜੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਜਿਸ ਕਾਰਨ ਹਾਈਵੇਅ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ।
ਪਟਵਾਰ ਯੂਨੀਅਨਾਂ ਨੇ ਵੀ ਪੰਜਾਬ ਬੰਦ ਦਾ ਕੀਤਾ ਸਮਰਥਨ
ਪੰਜਾਬ ਦੀਆਂ ਪਟਵਾਰ ਯੂਨੀਅਨਾਂ ਨੇ ਕਿਸਾਨਾਂ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ। ਜਿਸ ਤੋਂ ਬਾਅਦ ਕਿਸਾਨਾਂ ਦੇ ਸੱਦੇ ਮੁਤਾਬਿਕ ਪਟਵਾਰੀ ਦਫ਼ਤਰਾਂ ਵਿੱਚ ਕੰਮ ਨਹੀਂ ਕਰਨਗੇ।