‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬੇਅਦਬੀ ਮਾਮਲੇ ‘ਤੇ ਬਣੀ ਨਵੀਂ ਐੱਸਆਈਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਹੁਣ ਤੱਕ ਦੀ ਕਾਰਵਾਈ ਨੂੰ ਸਾਢੇ 6 ਸਾਲ ਹੋ ਗਏ ਹਨ ਅਤੇ ਇਸ ਮਾਮਲੇ ‘ਤੇ ਸਿਰਫ ਰਾਜਨੀਤੀ ਹੀ ਹੋਈ ਹੈ। ਪੁਰਾਣੀ ਐੱਸਆਈਟੀ ਦੇ ਮੈਂਬਰਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਾਂਚ ਵਿੱਚ ਸਾਥ ਨਹੀਂ ਦਿੱਤਾ ਸੀ ਅਤੇ ਹੁਣ ਨਵੀਂ ਐੱਸਆਈਟੀ ਵਿੱਚ ਵੀ ਉਹੀ ਬੰਦੇ ਪਾਏ ਹੋਏ ਹਨ, ਜਿਨ੍ਹਾਂ ਨੇ ਜਾਂਚ ਵਿੱਚ ਸਾਥ ਨਹੀਂ ਦਿੱਤਾ ਸੀ। ਇਹ ਤਾਂ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ‘ਉਨ੍ਹਾਂ ਨੂੰ ਨਵੀਂ ਐੱਸਆਈਟੀ ਤੋਂ ਫੈਸਲੇ ਦੀ ਕੋਈ ਆਸ ਨਹੀਂ ਹੈ। ਪਰ ਫਿਰ ਵੀ ਅਸੀਂ ਮਾਮਲੇ ਦਾ ਹੱਲ ਨਿਕਲਣ ਦੀ ਆਸ ਕਰ ਰਹੇ ਹਾਂ। ਇਨ੍ਹਾਂ ਅਫਸਰਾਂ ਦੇ ਹੱਥ ਕੁੱਝ ਨਹੀਂ ਹੈ, ਇਹ ਤਾਂ ਜੇ ਸਰਕਾਰਾਂ ਇਮਾਨਦਾਰ ਹੋਣ ਤਾਂ ਹੀ ਮਾਮਲੇ ਦਾ ਇਨਸਾਫ ਮਿਲੇਗਾ। ਇਸੇ ਕਰਕੇ 1984 ਦਾ ਸਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। 1986 ਦੇ ਨਕੋਦਰ ਕਾਂਡ ਮਾਮਲੇ ਦੇ ਦੋਸ਼ੀਆਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜੇ ਸੰਗਤ ਦਾ ਡਰ ਆਉਣ ਲੱਗ ਪਿਆ ਤਾਂ ਸ਼ਾਇਦ ਮਾਮਲੇ ਦਾ ਇਨਸਾਫ ਮਿਲ ਸਕੇ’।