ਮਨੁੱਖੀ ਸਰੀਰ ਪਿਸ਼ਾਬ ਜਾਂ ਯੂਰੀਨ (Urine) ਜ਼ਰੀਏ ਸਰੀਰ ਦੀ ਸਾਰੀ ਗੰਦਗੀ ਬਾਹਰ ਕੱਢਦਾ ਹੈ। ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇ ਕਿ ਪੇਸ਼ਾਬ ਦਾ ਰੰਗ ਲਾਲ, ਪੀਲ਼ਾ, ਗੁਲਾਬੀ, ਹਰਾ ਜਾਂ ਜਾਮਣੀ ਪੀ ਹੋ ਸਕਦਾ ਹੈ। ਇਸ ਦਾ ਰੰਗ ਜਾਣਨਾ ਡਾਕਟਰਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮਰੀਜ਼ ਦੀ ਬਿਮਾਰੀ ਅਤੇ ਹੋਰ ਇਲਾਜ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ।
ਯੂਰੀਨ ਵਿੱਚ ਸਰੀਰ ’ਚ ਪ੍ਰੋਟੀਨ, ਮਾਸਪੇਸ਼ੀਆਂ ਤੇ ਲਾਲ ਸੈੱਲਾਂ ਦੇ ਟੁੱਟਣ ਜਾਂ ਖ਼ਤਮ ਹੋਣ ਦੀ ਪ੍ਰਕਿਰਿਆ ਕਾਰਨ ਬਣਦਾ ਨਾਈਟ੍ਰੋਜਨਸ ਕਚਰਾ ਵੀ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਚੀਜ਼ਾਂ ਹਨ ਜੋ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਆਉਂਦੀਆਂ ਹਨ। ਇਨ੍ਹਾਂ ਵਿੱਚ ਵਿਟਾਮਿਨ ਤੇ ਦਵਾਈਆਂ ਵੀ ਸ਼ਾਮਲ ਹੁੰਦੀਆਂ ਹਨ।
ਯੂਰੀਨ ਦਾ ਰੰਗ ਲਾਲ ਹੋਣਾ
ਜੇ ਤੁਹਾਡੇ ਪਿਸ਼ਾਬ ਦਾ ਰੰਗ ਲਾਲ ਹੈ ਤਾਂ ਇਸ ਦਾ ਮਲਤਬ ਇਹ ਹੈ ਕਿ ਇਸ ਵਿੱਚ ਖ਼ੂਨ ਆ ਰਿਹਾ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਪਿਸ਼ਾਬ ਤੰਤਰ ਨਾਲ ਜੁੜੇ ਕਿਸੇ ਵੀ ਹਿੱਸੇ ਵਿੱਚ ਕੋਈ ਦਿੱਕਤ ਹੋ ਸਕਦੀ ਹੈ। ਜੇ ਗੁਰਦਿਆਂ, ਬਲੈਡਰ ਅਤੇ ਪ੍ਰੋਸਟੇਟ ਅਤੇ ਪਿਸ਼ਾਬ ਨਾਲੀ ਨਾਲ ਜੁੜੀ ਕਿਸੇ ਵੀ ਨਲੀ ਵਿੱਚ ਖੂਨ ਵਗ਼ ਰਿਹਾ ਹੈ ਤਾਂ ਪਿਸ਼ਾਬ ਲਾਲ ਹੋ ਸਕਦਾ ਹੈ।
ਜੇ ਖੂਨ ਜ਼ਿਆਦਾ ਮਾਤਰਾ ਵਿੱਚ ਨਿਕਲਦਾ ਹੈ, ਤਾਂ ਹੋ ਸਕਦਾ ਹੈ ਕਿ ਪਿਸ਼ਾਬ ਦਾ ਰੰਗ ਇੰਨਾ ਗੂੜਾ ਹੋ ਜਾਵੇ ਕਿ ਇਹ ਲਾਲ ਵਾਈਨ ਵਰਗਾ ਲੱਗੇ। ਖ਼ੂਨ ਵਹਿਣ ਦੇ ਵੀ ਕਈ ਕਾਰਨ ਹੋ ਸਕਦੇ ਹਨ – ਜਿਵੇਂ ਕਿ ਗੁਰਦੇ ਦੀ ਪੱਥਰੀ, ਕੈਂਸਰ, ਸਦਮਾ, ਜਾਂ ਪਿਸ਼ਾਬ ਨਾਲੀ ਵਿੱਚ ਕੋਈ ਲਾਗ ਲੱਗਣਾ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਚੁਕੰਦਰ ਖਾਣ ਨਾਲ ਵੀ ਪਿਸ਼ਾਬ ਦਾ ਰੰਗ ਲਾਲ ਹੋ ਸਕਦਾ ਹੈ।
ਪਿਸ਼ਾਬ ਦਾ ਰੰਗ ਪੀਲਾ ਤੇ ਸੰਤਰੀ ਹੋਣਾ
ਆਮ ਤੌਰ ’ਤੇ ਪੇਸ਼ਾਬ ਦਾ ਰੰਗ ਹਲਕਾ ਪੀਲਾ ਹੁੰਦਾ ਹੈ। ਪਰ ਕਈ ਵਾਰ ਇਹ ਪੀਲੇ ਰੰਗ ਦੇ ਕਈ ਸ਼ੇਡਸ ਵਿੱਚ ਆਉਂਦਾ ਹੈ। ਇਸ ਦਾ ਪੀਲ਼ਾ ਰੰਗ ਨਿਰਭਰ ਕਰਦਾ ਹੈ ਕਿ ਤੁਸੀਂ ਪਾਣੀ ਕਿੰਨਾ ਪੀ ਰਹੇ ਹੋ। ਜੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਪੇਸ਼ਾਬ ਦਾ ਰੰਗ ਹੋਰ ਪੀਲ਼ਾ ਹੁੰਦਾ ਜਾਵੇਗਾ। ਕਦੇ-ਕਦੇ ਇਹ ਨਾਰੰਗੀ ਰੰਗ ਦੇ ਨੇੜੇ ਪਹੁੰਚ ਜਾਵੇਗਾ। ਇਸ ਤੋਂ ਇਲਾਵਾ ਐਂਟੀਬਾਇਓਟਿਕ ਰਿਫੈਮਪਿਸਿਨ ਸਣੇ ਕੁਝ ਦਵਾਈਆਂ ਵੀ ਪਿਸ਼ਾਬ ਨੂੰ ਸੰਤਰੀ ਕਰਨ ਦਾ ਕਾਰਨ ਬਣ ਸਕਦੀਆਂ ਹਨ।
ਜਿਹੜੀ ਚੀਜ਼ ਪੇਸ਼ਾਬ ਦੇ ਰੰਗ ਨੂੰ ਪੀਲ਼ਾ ਕਰਦੀ ਹੈ ਉਸ ਨੂੰ ‘ਯੂਰੋਬਿਲਿਨ’ ਕਿਹਾ ਜਾਂਦਾ ਹੈ। ਇਸ ਦੇ ਬਣਨ ਦੀ ਪ੍ਰਕਿਰਿਆ ਸਰੀਰ ਵਿਚਲੇ ਪੁਰਾਣੇ ਲਾਲ ਖੂਨ ਸੈੱਲਾਂ ਦੇ ਟੁੱਟਣ ਨਾਲ ਸ਼ੁਰੂ ਹੁੰਦੀ ਹੈ। ਇਹ ਉਹ ਖੂਨ ਦੇ ਸੈੱਲ ਹਨ ਜੋ ਹੁਣ ਆਪਣੇ ਸਭ ਤੋਂ ਵਧੀਆ ਸਰੂਪ ’ਚ ਨਹੀਂ ਰਹੀਆਂ ਅਤੇ ਉਨ੍ਹਾਂ ਨੂੰ ਸਰੀਰ ਦੇ ਤੰਤਰ ਤੋਂ ਬਾਹਰ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ।
ਇਸ ਸਾਰੀ ਪ੍ਰਕਿਰਿਆ ਵਿੱਚ ਇੱਕ ਕੰਪਾਊਂਡ ਬਣਦਾ ਹੈ ਜਿਸ ਨੂੰ ‘ਬਿਲੀਰੂਬਿਨ’ ਕਿਹਾ ਜਾਂਦਾ ਹੈ। ਇਹ ਕੁਝ ਹੱਦ ਤੱਕ ਪੇਸ਼ਾਬ ਰਾਹੀਂ ਅਤੇ ਕੁਝ ਹੱਦ ਤੱਕ ਅੰਤੜੀਆਂ ਰਾਹੀਂ ਸਰੀਰ ਤੋਂ ਬਾਹਰ ਨਿਕਲਦਾ ਹੈ। ਜਿਗਰ ਇਸ ਬਿਲੀਰੂਬਿਨ ਦੀ ਵਰਤੋਂ (ਬਾਇਲ) ਇੱਕ ਕਿਸਮ ਦਾ ਪਿੱਤ ਪੈਦਾ ਕਰਨ ਲਈ ਕਰਦਾ ਹੈ। ਇਹ ਬਾਇਲ ਸਰੀਰ ਵਿੱਚ ਚਰਬੀ ਦੇ ਪਾਚਨ ਅਤੇ ਸੜਨ ਲਈ ਮਹੱਤਵਪੂਰਨ ਹੈ। ਇਸੇ ਬਾਇਲ ਕਾਰਰੇ ਹੀ ਮਨੁੱਖੀ ਮਲ ਨੂੰ ਭੂਰਾ ਰੰਗ ਮਿਲਦਾ ਹੈ।
ਹੁਣ ਜਦੋਂ ਪਿੱਤ ਅੰਤੜੀ ਤੱਕ ਨਹੀਂ ਪਹੁੰਚ ਸਕਦਾ, ਤਾਂ ਬਿਲੀਰੂਬਿਨ ਵਾਪਸ ਖੂਨ ਦੀਆਂ ਨਾੜੀਆਂ ਵਿੱਚ ਜਾਂਦਾ ਹੈ ਤੇ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ। ਪਿੱਤ ਦਾ ਅੰਤੜੀ ਤੱਕ ਨਾ ਪਹੁੰਚਣਾ ਪਿੱਤੇ ਦੀ ਪੱਥਰੀ ਜਾਂ ਕੈਂਸਰ ਦੇ ਕਾਰਨ ਵੀ ਹੋ ਸਕਦਾ ਹੈ। ਇਸ ਕਾਰਨ ਇਸ ਦਾ ਰੰਗ ਗੂੜ੍ਹਾ ਸੰਤਰੀ ਜਾਂ ਭੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਧਿਆਨ ਦਿਓ ਜੇ ਸਰੀਰ ਵਿੱਚ ਬਿਲੀਰੂਬਿਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਚਮੜੀ ਦਾ ਰੰਗ ਵੀ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਨੂੰ ‘ਆਬਸਟ੍ਰਟਿਵ ਜੌਂਡਿਸ’ ਜਾਂ ਪੀਲੀਆ ਕਿਹਾ ਜਾਂਦਾ ਹੈ।
ਪੇਸ਼ਾਬ ਦਾ ਹਰਾ ਤੇ ਨੀਲਾ ਹੋਣਾ
ਆਮ ਤੌਰ ’ਤੇ ਹਰੇ ਤੇ ਨੀਲੇ ਰੰਗ ਦੇ ਪੇਸ਼ਾਬ ਦੇ ਮਾਮਲੇ ਬਹੁਤ ਘੱਟ ਵੇਖੇ ਜਾਂਦੇ ਹਨ। ਅਜਿਹਾ ਭੋਜਨ ਵਿੱਚ ਮਿਲਾਏ ਰੰਗ ਦੀ ਵਜ੍ਹਾ ਕਰਕੇ ਵੀ ਹੋ ਸਕਦਾ ਹੈ। ਜੇ ਤੁਸੀਂ ਕੁਝ ਅਜਿਹਾ ਖਾਧਾ ਹੈ ਜਿਸ ਵਿੱਚ ਕੁਝ ਖਾਧ ਪਦਾਰਥਾਂ ਨੂੰ ਰੰਗਣ ਲਈ ਹਰੇ ਜਾਂ ਨੀਲੇ ਰੰਗ ਦੀ ਵਰਤੋਂ ਕੀਤੀ ਗਈ ਹੈ, ਤਾਂ ਪੇਸ਼ਾਬ ਦਾ ਰੰਗ ਹਰਾ ਜਾਂ ਨੀਲਾ ਹੋ ਸਕਦਾ ਹੈ। ਪਰ ਅਜਿਹਾ ਤਾਂ ਹੀ ਹੋਵੇਗਾ ਜੇ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਧੇ ਗਏ ਹੋਣ।
ਇਸ ਤੋਂ ਇਲਾਵਾ ਐਨੇਸਥੈਟਿਕਸ (ਬੇਹੋਸ਼ ਕਰਨ ਵਾਲੀਆਂ ਦਵਾਈਆਂ), ਵਿਟਾਮਿਨਾਂ, ਐਂਟੀਹਿਸਟਾਮਾਈਨਜ਼ ਵਰਗੀਆਂ ਕੁਝ ਦਵਾਈਆਂ ਖਾਣ ਨਾਲ ਵੀ ਤੁਹਾਡੇ ਯੂਰੀਨ ਦਾ ਰੰਗ ਹਰਾ ਜਾਂ ਨੀਲਾ ਹੋ ਸਕਦਾ ਹੈ। ਇੱਥੇ ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਕੁਝ ਬੈਕਟੀਰੀਆ (ਜੀਵਾਣੂ) ਵੀ ਅਜਿਹੇ ਮਿਸ਼ਰਣ ਬਣਾਉਂਦੇ ਹਨ ਜੋ ਹਰੇ ਰੰਗ ਦੇ ਹੁੰਦੇ ਹਨ। ਬੈਕਟੀਰੀਆ ਸੂਡੋਮੋਨਾਸ ਐਰੂਗਿਨੋਸਾ ਇੱਕ ਨੀਲੇ-ਹੀਰੇ ਰੰਗ ਦਾ ਪਾਇਓਸਾਈਨਿਨ ਤਰਲ ਪੈਦਾ ਕਰਦਾ ਹੈ।
ਪੇਸ਼ਾਬ ਦਾ ਰੰਗ ਜਾਮਣੀ ਹੋਣਾ
ਇਹ ਕੇਸ ਵੀ ਬਹੁਤ ਘੱਟ ਵੇਖਿਆ ਜਾਂਦਾ ਹੈ। ਇਸ ਦਾ ਇੱਕ ਸੰਭਾਵੀ ਕਾਰਨ ‘ਪੋਰਫਾਇਰਿਆ’ ਹੋ ਸਕਦਾ ਹੈ। ਇਹ ਇੱਕ ਜੈਨੇਟਿਕ ਬਿਮਾਰੀ ਹੈ ਜੋ ਚਮੜੀ ਤੇ ਨਾੜੀ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਇਸ ਦਾ ਦੂਜਾ ਕਾਰਨ ਪਰਪਲ ਯੂਰੀਨ ਬੈਗ ਸਿੰਡਰੋਮ ਨਾਂ ਦੀ ਦੁਰਲੱਭ ਬੀਮਾਰੀ ਹੈ ਜੋ ਪਿਸ਼ਾਬ ਦੀ ਲਾਗ ਕਾਰਨ ਹੁੰਦੀ ਹੈ।
ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕੈਥੀਟਰ (ਸਰੀਰ ਵਿੱਚੋਂ ਪੇਸ਼ਾਬ ਕੱਢਣ ਲਈ ਡਾਕਟਰੀ ਤੌਰ ’ਤੇ ਵਰਤਿਆ ਜਾਣ ਵਾਲਾ ਯੰਤਰ) ਨਾਲ ਪੇਸ਼ਾਬ ਨੂੰ ਜਾਮਣੀ ਕਰ ਦਿੰਦੀ ਹੈ।
ਜਾਮਨੀ ਜਾਂ ਗੁਲਾਬੀ ਚੁਕੰਦਰ ਖਾਣ ਤੋਂ ਬਾਅਦ ਪੇਸ਼ਾਬ ਦਾ ਰੰਗ ਗੁਲਾਬੀ ਹੋ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਪੇਸ਼ਾਬ ਦੇ ਡਾਕਟਰ ਇਸ ਦੀ ਤੁਲਨਾ ਰੋਜ਼ ਵਾਈਨ ਨਾਲ ਕਰਦੇ ਹਨ।
ਇਨ੍ਹਾਂ ਸਾਰੇ ਰੰਗਾਂ ਤੋਂ ਇਲਾਵਾ ਰੰਗਹੀਣ ਪੇਸ਼ਾਬ ਵੀ ਹੁੰਦਾ ਹੈ। ਹਾਲਾਂਕਿ, ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਨਹੀਂ ਹੋਣਾ ਚਾਹੀਦਾ ਹੈ। ਪਰ ਵੱਧ ਮਾਤਰਾ ਵਿੱਚ ਪਤਲਾ ਪਿਸ਼ਾਬ ਵੀ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਫਿਰ ਚਾਹੇ ਇਹ ਸ਼ੂਗਰ ਦੇ ਕਾਰਨ ਹੋਵੇ ਜਾਂ ਜ਼ਿਆਦਾ ਸ਼ਰਾਬ ਪੀਣ ਕਾਰਨ।