The Khalas Tv Blog India ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਮਚਾਈ ਤਬਾਹੀ..ਹੈੱਡ ਅਲਰਟ, ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤੀ ਅਪੀਲ
India

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਮਚਾਈ ਤਬਾਹੀ..ਹੈੱਡ ਅਲਰਟ, ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤੀ ਅਪੀਲ

Red alert of heavy rain in Himachal

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਮਚਾਈ ਤਬਾਹੀ..ਹੈੱਡ ਅਲਰਟ, ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤੀ ਅਪੀਲ

ਹਿਮਾਚਲ ਪ੍ਰਦੇਸ਼ ‘ਚ ਮੌਨਸੂਨ ਨੇ ਤਬਾਹੀ ਮਚਾਈ ਹੋਈ ਹੈ। ਸ਼ਿਮਲਾ ਦੇ ਮੌਸਮ ਕੇਂਦਰ ਨੇ ਅੱਜ ਫੇਰ ਭਾਰੀ ਮੀਂਹ ਪੈਣ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਦੇ ਮੁਕਾਬਲੇ ਅੱਜ ਘੱਟ ਬਾਰਸ਼ ਹੋਵੇਗੀ। ਕੱਲ ਤੋਂ 13 ਜੁਲਾਈ ਤੱਕ ਮਾਨਸੂਨ ਵਿੱਚ ਮਾਮੂਲੀ ਕਮੀ ਆਵੇਗੀ। 14 ਜੁਲਾਈ ਤੋਂ ਮੌਨਸੂਨ ਮੁੜ ਸਰਗਰਮ ਹੋਵੇਗਾ।

ਹਿਮਾਚਲ ‘ਚ ਕਰੀਬ 35 ਘੰਟਿਆਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਇਸ ਕਾਰਨ ਸੂਬੇ ਦੀਆਂ ਸਾਰੀਆਂ ਨਦੀਆਂ-ਨਾਲਿਆਂ ‘ਚ ਪਾਣੀ ਭਰ ਗਿਆ ਹੈ। ਜ਼ਿਆਦਾਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਸੂਬੇ ਦੇ ਕਈ ਪਿੰਡਾਂ ਵਿੱਚ ਬੀਤੀ ਰਾਤ ਤੋਂ ਹੀ ਬਿਜਲੀ ਨਹੀਂ ਹੈ। ਮੈਦਾਨੀ ਇਲਾਕਿਆਂ ‘ਚ ਪਾਣੀ ਭਰ ਗਿਆ ਹੈ, ਜਦਕਿ ਪਹਾੜਾਂ ‘ਚ ਜ਼ਮੀਨ ਖਿਸਕਣ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ।

ਮਨਾਲੀ-ਸੋਲਨ ‘ਚ ਰਿਕਾਰਡ ਟੁੱਟਿਆ

ਮਨਾਲੀ ਅਤੇ ਸੋਲਨ ਵਿੱਚ ਮੀਂਹ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 24 ਘੰਟਿਆਂ ਵਿੱਚ ਮਨਾਲੀ ਵਿੱਚ 131.3 ਮਿਲੀਮੀਟਰ (ਐਮਐਮ) ਅਤੇ ਸੋਲਨ ਵਿੱਚ 107 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ 9 ਜੁਲਾਈ 1971 ਨੂੰ 105.1 ਐਮਐਮ ਅਤੇ 17 ਜੁਲਾਈ 2015 ਨੂੰ 105 ਐਮਐਮ ਮੀਂਹ ਦਰਜ ਕੀਤਾ ਗਿਆ ਸੀ।

ਸੂਬੇ ਦੇ ਡੁੱਬੇ ਇਹ ਸ਼ਹਿਰ

ਹਿਮਾਚਲ ਦੇ ਬਿਆਸ ਦਰਿਆ ਮੰਡੀ ਸ਼ਹਿਰ ਵਿੱਚ ਤਬਾਹੀ ਮਚਾ ਰਿਹਾ ਹੈ। ਪੰਡੋਹ ਬਾਜ਼ਾਰ, ਕੁੱਲੂ ਦਾ ਅਖਾੜਾ ਬਾਜ਼ਾਰ ਅਤੇ ਸਨਅਤੀ ਖੇਤਰ ਬੱਦੀ ਵੀ ਪਾਣੀ ਵਿਚ ਡੁੱਬ ਗਏ। ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਪਾਣੀ ਦੇ ਤੇਜ਼ ਵਹਾਅ ‘ਚ 60 ਤੋਂ ਵੱਧ ਵਾਹਨ ਵਹਿ ਗਏ। ਕੁੱਲੂ ਦੇ ਕਸੌਲ ‘ਚ 6 ਵਾਹਨ ਵਹਿ ਗਏ। ਊਨਾ, ਮੰਡੀ, ਕੁੱਲੂ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਵਹਿਣ ਵਾਲੀਆਂ ਨਦੀਆਂ ਦਾ ਪਾਣੀ ਤੇਜ਼ ਹੋ ਗਿਆ ਹੈ। ਕੁੱਲੂ ‘ਚ ਬਿਆਸ ਦੇ ਨਾਲ-ਨਾਲ ਪਾਰਵਤੀ ਅਤੇ ਤੀਰਥਨ ਨਦੀਆਂ ‘ਚ ਵੀ ਤੇਜ਼ੀ ਹੈ।

ਮੁੱਖ ਮੰਤਰੀ ਅਪੀਲ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਦੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਅਤੇ ਨਦੀਆਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਜ਼ਮੀਨ ਖਿਸਕਣ ਦੇ ਖਤਰੇ ਵਾਲੇ ਉੱਚੇ ਖੇਤਰਾਂ ਦੀ ਯਾਤਰਾ ਕਰਨ ਤੋਂ ਬਚਣ ਲਈ ਕਿਹਾ ਹੈ।

13 ਲੋਕਾਂ ਦੀ ਮੌਤ ਹੋ ਚੁੱਕੀ ਹੈ

ਭਾਸਕਰ ਦੀ ਖ਼ਬਰ ਮੁਤਾਬਕ ਪਹਾੜਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਮੌਨਸੂਨ ਦੇ ਸੂਬੇ ਵਿੱਚ ਦਾਖਲ ਹੋਣ ਤੋਂ ਬਾਅਦ ਵੱਖ-ਵੱਖ ਕਾਰਨਾਂ ਕਰਕੇ 59 ਲੋਕਾਂ ਦੀ ਮੌਤ ਹੋ ਚੁੱਕੀ ਹੈ। 92 ਲੋਕ ਜ਼ਖ਼ਮੀ ਹੋਏ ਹਨ। 46 ਘਰ ਪੂਰੀ ਤਰ੍ਹਾਂ ਤਬਾਹ, 108 ਘਰ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ, 7 ਦੁਕਾਨਾਂ, 99 ਗਊਸ਼ਾਲਾ, 354 ਪਾਲਤੂ ਪਸ਼ੂਆਂ ਦੀ ਮੌਤ ਹੋ ਗਈ।

ਇਨ੍ਹਾਂ ਰੂਟਾਂ ‘ਤੇ ਰੇਲ ਗੱਡੀਆਂ ਵੀ ਬੰਦ, 6 ਨੈਸ਼ਨਲ ਹਾਈਵੇਅ ਸਮੇਤ 800 ਤੋਂ ਵੱਧ ਸੜਕਾਂ ਬੰਦ

ਪਿਛਲੇ 24 ਘੰਟਿਆਂ ਦੌਰਾਨ ਜ਼ਮੀਨ ਖਿਸਕਣ ਕਾਰਨ ਵਿਰਾਸਤੀ ਕਾਲਕਾ-ਸ਼ਿਮਲਾ ਅਤੇ ਅੰਬਾਲਾ-ਊਨਾ ਟ੍ਰੈਕ ‘ਤੇ ਚੱਲਣ ਵਾਲੀਆਂ ਟਰੇਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਪਰਵਾਣੂ-ਸ਼ਿਮਲਾ ਫੋਰਲੇਨ, ਚੰਡੀਗੜ੍ਹ-ਮਨਾਲੀ, ਥੀਓਗ-ਖੜਾਪੱਥਰ ਰਾਸ਼ਟਰੀ ਰਾਜਮਾਰਗ, ਮੰਡੀ-ਪੰਡੋਹ ਰਾਸ਼ਟਰੀ ਹਾਈਵੇਅ ਵੀ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਬੰਦ ਰਿਹਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੰਡੀ ਜ਼ਿਲੇ ਦੇ ਕੁੱਲੂ-ਬੰਜਰ-ਲੁਹਰੀ-ਰਾਮਪੁਰ ਨੂੰ ਜੋੜਨ ਵਾਲਾ 50 ਸਾਲ ਪੁਰਾਣਾ ਪੁਲ ਬਿਆਸ ਦਰਿਆ ਦੇ ਤੇਜ਼ ਵਹਾਅ ਨਾਲ ਰੁੜ੍ਹ ਗਿਆ। ਬਿਆਸ ਦਰਿਆ ਦੇ ਵਹਾਅ ’ਚ ਮੰਡੀ ਦੇ ਪੰਡੋਹ ’ਚ ਸਾਲਾਂ ਪੁਰਾਣਾ ਪੁਲ ਵੀ ਵਹਿ ਗਿਆ। ਚੰਬਾ ਦੇ ਭਰਮੌਰ ਇਲਾਕੇ ‘ਚ ਰਾਵੀ ਨਦੀ ‘ਚ ਬਕਾਣੀ ਨਾਲੇ ਦਾ ਪੁਲ ਵਹਿ ਗਿਆ। ਸਨਅਤੀ ਖੇਤਰ ਬੱਦੀ ਨੂੰ ਹਰਿਆਣਾ ਨਾਲ ਜੋੜਨ ਵਾਲਾ ਸਲਾਈਡ ਪੁਲ ਟੁੱਟ ਗਿਆ।

ਬੱਦਲ ਫਟਣ ਨਾਲ ਤਬਾਹੀ

ਕੁੱਲੂ ਜ਼ਿਲੇ ਦੀ ਮਣੀਕਰਨ ਘਾਟੀ ਦੇ ਪੁਲਗਾ ‘ਚ ਦੁਪਹਿਰ ਬਾਅਦ ਬੱਦਲ ਫਟਣ ਕਾਰਨ ਕਾਫੀ ਤਬਾਹੀ ਹੋਈ। ਮੰਡੀ ਜ਼ਿਲੇ ਦੇ ਥੁਨਾਗ ‘ਚ ਬੱਦਲ ਫਟਣ ਨਾਲ ਮਲਬਾ ਅਤੇ ਪਾਣੀ ਲੋਕਾਂ ਦੇ ਘਰਾਂ ‘ਚ ਦਾਖਲ ਹੋ ਗਿਆ। ਲਾਹੌਲ ਸਪਿਤੀ ਦੇ ਚੰਦਰਤਾਲ ‘ਚ ਜ਼ਮੀਨ ਖਿਸਕਣ ਤੋਂ ਬਾਅਦ ਸੜਕ ਬੰਦ ਹੋਣ ਕਾਰਨ 200 ਲੋਕ ਫਸ ਗਏ।

Exit mobile version