Punjab

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਰੈੱਡ ਅਲਰਟ, 7 ਹੋਰ ਸ਼ਹਿਰਾਂ ‘ਚ ਵੀ ਅੱਤ ਦੀ ਗਰਮੀ

ਪੰਜਾਬ ਵਿੱਚ ਹੀਟ ਵੇਵ ਕਾਰਨ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਸ਼ਾਮਲ ਹਨ। ਬਠਿੰਡਾ ਦਾ ਤਾਪਮਾਨ ਪਿਛਲੇ ਤਿੰਨ ਦਿਨਾਂ ਤੋਂ ਸਭ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਮੰਗਲਵਾਰ ਸ਼ਾਮ ਨੂੰ ਬਠਿੰਡਾ ਵਿੱਚ ਇੱਕ ਵਾਰ ਫਿਰ ਸੂਬੇ ਦਾ ਸਭ ਤੋਂ ਵੱਧ ਤਾਪਮਾਨ 46.6 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਦੇਸ਼ ‘ਚ 25 ਮਈ ਤੋਂ ਨੌਤਪਾ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਦਿਨ ਤੋਂ ਹੀ ਤਾਪਮਾਨ ਖਤਰਨਾਕ ਪੱਧਰ ਤੱਕ ਵਧ ਜਾਵੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸ਼ਹਿਰਾਂ ਵਿੱਚ 25 ਮਈ ਨੂੰ ਤਾਪਮਾਨ 48 ਡਿਗਰੀ ਤੱਕ ਪਹੁੰਚ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਪਿਛਲੇ 46 ਸਾਲਾਂ ਦਾ ਰਿਕਾਰਡ ਟੁੱਟ ਜਾਵੇਗਾ।

ਪਰ, ਤਾਪਮਾਨ ਵਿੱਚ ਵਾਧਾ ਇੱਥੇ ਰੁਕਣ ਵਾਲਾ ਨਹੀਂ ਹੈ। 26 ਮਈ ਅਤੇ 27 ਮਈ ਨੂੰ ਤਾਪਮਾਨ 49 ਡਿਗਰੀ ਤੱਕ ਪਹੁੰਚ ਜਾਵੇਗਾ। ਜੋ ਕਿ 46 ਸਾਲ ਪਹਿਲਾਂ 21 ਮਈ 1978 ਨੂੰ ਵੱਧ ਤੋਂ ਵੱਧ 47.7 ਡਿਗਰੀ ਤਾਪਮਾਨ ਨਾਲੋਂ ਲਗਭਗ 1 ਡਿਗਰੀ ਵੱਧ ਹੋਵੇਗਾ।

ਜਿੱਥੇ ਮੌਸਮ ਵਿਭਾਗ ਨੇ 4 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਦਾ ਐਲਾਨ ਕੀਤਾ ਹੈ, ਉੱਥੇ ਹੀ 7 ਜ਼ਿਲ੍ਹਿਆਂ ਨੂੰ ਆਰੇਂਜ ਅਲਰਟ ‘ਤੇ ਰੱਖਿਆ ਗਿਆ ਹੈ। ਇਹ ਅਲਰਟ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ ਅਤੇ ਸੰਗਰੂਰ ਵਿੱਚ ਜਾਰੀ ਕੀਤਾ ਗਿਆ ਹੈ, ਜਿੱਥੇ ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਬਾਕੀ ਸਾਰੇ 12 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਜਾਣੋ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ

  • ਅੰਮ੍ਰਿਤਸਰ- ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਦਰਜ ਕੀਤਾ ਗਿਆ। ਅੱਜ ਇਸ ਤਾਪਮਾਨ ‘ਚ ਕਰੀਬ 1 ਡਿਗਰੀ ਦੇ ਵਾਧੇ ਦੀ ਸੰਭਾਵਨਾ ਹੈ। ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅੰਦਾਜ਼ਾ ਹੈ।
  • ਜਲੰਧਰ— ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
  • ਲੁਧਿਆਣਾ- ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 46 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਇਹ ਆਮ ਨਾਲੋਂ ਲਗਭਗ 8 ਡਿਗਰੀ ਵੱਧ ਹੋਵੇਗਾ।
  • ਪਟਿਆਲਾ- ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 41.7 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਸੀ। ਅੱਜ ਤਾਪਮਾਨ 43 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
  • ਮੋਹਾਲੀ— ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦਰਜ ਕੀਤਾ ਗਿਆ। ਅੱਜ ਇਹ ਤਾਪਮਾਨ 44 ਡਿਗਰੀ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ – ਨੇਪਾਲੀ ਜੋੜੇ ਨੇ ਪਰਿਵਾਰ ਨੂੰ ਖਾਣੇ ‘ਚ ਨਸ਼ੀਲਾ ਪਦਾਰਥ ਖੁਆ ਕੇ ਕੀਤੀ ਘਰ ਲੁੱਟਣ ਦੀ ਕੋਸ਼ਿਸ਼