ਮੌਸਮ ਵਿਭਾਗ (IMD) ਨੇ ਅੱਜ ਅਤੇ ਅਗਲੇ 5 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ 25 ਸੂਬਿਆਂ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ, ਬਿਹਾਰ, ਝਾਰਖੰਡ, ਦੱਖਣ ਅਤੇ ਉੱਤਰ-ਪੂਰਬ ਦੇ ਰਾਜ ਸ਼ਾਮਲ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਹੁਣ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਪਹੁੰਚ ਚੁੱਕਾ ਹੈ। ਅਗਲੇ ਤਿੰਨ ਦਿਨਾਂ ਵਿੱਚ ਇਹ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਬਾਕੀ ਹਿੱਸਿਆਂ ਨੂੰ ਵੀ ਕਵਰ ਕਰ ਲਵੇਗਾ।
ਦੇਸ਼ ਵਿੱਚ ਲਗਾਤਾਰ ਤੀਜੇ ਸਾਲ ਆਮ ਨਾਲੋਂ ਘੱਟ ਮੀਂਹ
ਮੌਸਮ ਵਿਭਾਗ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਜੂਨ ਵਿੱਚ ਦੇਸ਼ ਭਰ ਵਿੱਚ 165.3 ਮਿਲੀਮੀਟਰ ਦੀ ਬਜਾਏ 147.2 ਮਿਲੀਮੀਟਰ ਬਾਰਿਸ਼ ਹੋਈ ਸੀ। ਇਹ ਆਮ ਨਾਲੋਂ 11% ਘੱਟ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੋ-ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪਿਛਲੇ ਵੀਰਵਾਰ (27 ਜੂਨ) ਤੱਕ ਜੂਨ ’ਚ 19 ਫੀਸਦੀ ਬਾਰਿਸ਼ ਦੀ ਕਮੀ ਸੀ, ਐਤਵਾਰ (30 ਜੂਨ) ਨੂੰ ਘੱਟ ਕੇ 11 ਫੀਸਦੀ ’ਤੇ ਆ ਗਈ। ਆਮ ਤੌਰ ’ਤੇ 29 ਜੂਨ ਤੱਕ 165.3 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਹੈ ਪਰ 147.2 ਮਿਲੀਮੀਟਰ ਵਰਖਾ ਹੋਈ ਹੈ। ਇਹ ਤੀਜਾ ਸਾਲ ਹੋਵੇਗਾ ਜਦੋਂ ਜੂਨ ਵਿੱਚ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਅਜਿਹਾ 10 ਸਾਲਾਂ ਵਿੱਚ ਸਿਰਫ਼ ਚਾਰ ਵਾਰ ਹੀ ਹੋਇਆ ਹੈ ਕਿ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ।
ਕੱਲ੍ਹ ਐਤਵਾਰ ਨੂੰ ਮਹਾਰਾਸ਼ਟਰ, ਬਿਹਾਰ, ਰਾਜਸਥਾਨ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਵਿੱਚ ਭਾਰੀ ਮੀਂਹ ਪਿਆ। ਗੁਜਰਾਤ ਵਿੱਚ ਮੀਂਹ ਕਾਰਨ ਸੂਰਤ, ਭੁਜ, ਵਾਪੀ, ਭਰੂਚ ਅਤੇ ਅਹਿਮਦਾਬਾਦ ਵਿੱਚ ਸੜਕਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ।