ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਿੰਨ ਨਸ਼ਾ ਤਸਕਰਾਂ ਵੱਲੋਂ ਕੀਤੀਆਂ 43 ਹਜ਼ਾਰ ਫ਼ੋਨ ਕਾਲਾਂ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਏਆਈਜੀ ਲਖਬੀਰ ਸਿੰਘ ਖ਼ਿਲਾਫ਼ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ। ਪੱਤਰ ਵਿੱਚ ਪੁਲੀਸ ਨੇ ਉਸ ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਅਤੇ ਮਾਮਲੇ ਦੀ ਜਾਂਚ ਵਿੱਚ ਨਾਕਾਮ ਰਹਿਣ ਕਾਰਨ ਮੁਅੱਤਲ ਕਰਨ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਇੰਸਪੈਕਟਰ ਬਲਦੇਵ ਸਿੰਘ ਨੂੰ ਬੀਤੇ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਐਸਐਸਪੀ, ਤਸਕਰਾਂ ਅਤੇ ਜੇਲ੍ਹ ਅਧਿਕਾਰੀਆਂ ਵਿਚਾਲੇ ਗਠਜੋੜ ਦੀ ਜਾਂਚ ਲਈ ਏਆਈਜੀ ਜੇ ਐਲੇਨਚੇਜੀਅਨ ਨੂੰ ਨਵਾਂ ਆਈਓ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਜੇਲ੍ਹ ਦੇ ਮੌਜੂਦਾ ਸੁਪਰਡੈਂਟ ਖ਼ਿਲਾਫ਼ ਵੱਖਰੀ ਜਾਂਚ ਕਰ ਰਹੀ ਹੈ।
ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਵੱਲੋਂ ਮੋਬਾਈਲ ਫ਼ੋਨ ਵਰਤਣ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਪੁਲਿਸ ਨਵੀਂ ਤਕਨੀਕ ਸਮੇਤ ਕਈ ਤਰੀਕੇ ਅਪਣਾ ਰਹੀ ਹੈ ਪਰ ਇਸ ‘ਤੇ ਲਗਾਮ ਨਹੀਂ ਲਗਾਈ ਜਾ ਰਹੀ ਹੈ। ਇਸ ਸਾਲ ਹੁਣ ਤੱਕ ਕੈਦੀਆਂ ਕੋਲੋਂ 6 ਹਜ਼ਾਰ ਤੋਂ ਵੱਧ ਮੋਬਾਈਲ ਜ਼ਬਤ ਕੀਤੇ ਜਾ ਚੁੱਕੇ ਹਨ।
ਇਕੱਲੀ ਫ਼ਿਰੋਜ਼ਪੁਰ ਜੇਲ੍ਹ ਵਿੱਚ 600 ਦੇ ਕਰੀਬ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਹੁਣ ਪੁਲਿਸ ਦੋ ਵਾਰ ਕੈਦੀਆਂ ਦੀਆਂ ਬੈਰਕਾਂ ਦੀ ਚੈਕਿੰਗ ਕਰਦੀ ਹੈ।
ਪੰਜਾਬ ਦੀਆਂ ਜੇਲ੍ਹਾਂ ਨਾਲ ਸਬੰਧਤ ਜਾਂਚ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਫੋਨ ਦੋ ਤਰੀਕਿਆਂ ਨਾਲ ਭੇਜੇ ਜਾਂਦੇ ਹਨ, ਜਾਂ ਤਾਂ ਸਾਮਾਨ ਵਿੱਚ ਲੁਕਾ ਕੇ ਜਾਂ ਬਾਹਰੋਂ ਸੁੱਟ ਕੇ। ਸਰੀਰ ‘ਤੇ ਫ਼ੋਨ ਜਾਂ ਹੋਰ ਸਮਾਨ ਰੱਖਣ ਦੇ ਮਾਮਲਿਆਂ ‘ਤੇ ਰੋਕ ਲਗਾਉਣ ਲਈ ਹੁਣ ਜੇਲ੍ਹਾਂ ‘ਚ ਅਤਿ-ਆਧੁਨਿਕ ਸਕੈਨਰ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ।
ਕਰੀਬ ਛੇ ਜੇਲ੍ਹਾਂ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਜੇਲ੍ਹਾਂ ਦੇ ਬਾਹਰ ਪੱਕੇ ਤੌਰ ’ਤੇ ਪੀਸੀਆਰ ਤਾਇਨਾਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਪ੍ਰਕਿਰਿਆ ਨਵੇਂ ਸਾਲ ਦੀ ਸ਼ੁਰੂਆਤ ਤੱਕ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਜੇਲ੍ਹ ਵਿੱਚ ਆਉਣ-ਜਾਣ ਵਾਲੇ ਸਾਰੇ ਵਿਅਕਤੀਆਂ ਦਾ ਰਿਕਾਰਡ ਰੱਖਣ ਸਮੇਤ ਹੋਰ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।