ਬਿਉਰੋ ਰਿਪੋਰਟ: ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਪਿੰਡ ਮਥਕੇਪੱਲੀ ਨਮਾਵਰਮ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ 9 ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਮੋਬਾਈਲ ਚਾਰਜਰ ਨੂੰ ਸਾਕਟ ਦੇ ਆਊਟਲੇਟ ਵਿੱਚ ਲਗਾ ਰਹੀ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ 5 ਜੁਲਾਈ ਨੂੰ ਬੈਂਗਲੁਰੂ ਵਿੱਚ ਵੀ ਵਾਪਰੀ ਸੀ, ਜਿੱਥੇ ਇੱਕ 24 ਸਾਲਾ ਵਿਦਿਆਰਥੀ ਦੀ ਮੋਬਾਈਲ ਫ਼ੋਨ ਚਾਰਜ ਕਰਦੇ ਸਮੇਂ ਬਿਜਲੀ ਦਾ ਝਟਕਾ ਲੱਗਣ ਕਾਰਨ ਮੌਤ ਹੋ ਗਈ ਸੀ।
ਹਾਲ ਹੀ ਦੇ ਮਹੀਨਿਆਂ ਵਿੱਚ, ਵੱਖ-ਵੱਖ ਸੂਬਿਆਂ ਵਿੱਚ ਚਾਰਜਿੰਗ ਦੌਰਾਨ ਮੋਬਾਈਲ ਫੋਨਾਂ ਵਿੱਚ ਧਮਾਕੇ ਜਾਂ ਚਾਰਜਰਾਂ ਵਿੱਚ ਬਿਜਲੀ ਦੇ ਝਟਕੇ ਦੇ ਕਈ ਮਾਮਲੇ ਸਾਹਮਣੇ ਆਏ ਹਨ। ਮੋਬਾਈਲ ਚਾਰਜ ਕਰਦੇ ਸਮੇਂ ਬਿਜਲੀ ਦੇ ਝਟਕੇ ਦਾ ਮੁੱਖ ਕਾਰਨ ਨਕਲੀ ਅਡਾਪਟਰ ਅਤੇ ਨਕਲੀ ਚਾਰਜਿੰਗ ਕੇਬਲ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ 1.2 ਬਿਲੀਅਨ ਤੋਂ ਵੱਧ ਮੋਬਾਈਲ ਫੋਨ ਉਪਭੋਗਤਾ ਹਨ ਅਤੇ 60 ਕਰੋੜ ਸਮਾਰਟਫੋਨ ਉਪਭੋਗਤਾ ਹਨ। ਪਰ ਬਹੁਤ ਸਾਰੇ ਲੋਕ ਗੈਰ-ਪ੍ਰਮਾਣਿਤ ਅਡਾਪਟਰਾਂ ਅਤੇ ਨਕਲੀ ਚਾਰਜਿੰਗ ਕੇਬਲਾਂ ਦੀ ਪਛਾਣ ਨਹੀਂ ਕਰ ਪਾਉਂਦੇ ਜਿਸ ਕਰਕੇ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੋਬਾਈਲ ਚਾਰਜਰ ਨਾਲ ਬਿਜਲੀ ਦਾ ਕਰੰਟ ਕਦੋਂ ਲੱਗ ਸਕਦਾ ਹੈ?
- ਚਾਰਜਰ ਨੂੰ ਗਿੱਲੇ ਹੱਥਾਂ ਨਾਲ ਛੂਹਣ ਵੇਲੇ
- ਚਾਰਜਰ ਪਿੰਨ ਖ਼ਰਾਬ ਹੋ ਜਾਣ ’ਤੇ
- ਚਾਰਜਿੰਗ ਕੇਬਲ ਟੁੱਟ ਜਾਣ ’ਤੇ
- ਚਾਰਜਰ ਪਿੰਨ ਨੂੰ ਜੀਭ ਨਾਲ ਲਾਉਣ ’ਤੇ
- ਚਾਰਜਰ ਦੇ ਅੰਦਰ ਸ਼ਾਰਟ ਸਰਕਟ ਹੋਣ ਦੀ ਸਥਿਤੀ ਵਿੱਚ
- ਖਰਾਬ ਕੁਆਲਿਟੀ ਦਾ ਚਾਰਜਰ ਖਰੀਦਣ ’ਤੇ
ਮੋਬਾਈਲ ਚਾਰਜਰ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਅੱਜਕੱਲ੍ਹ ਕਈ ਮੋਬਾਈਲ ਕੰਪਨੀਆਂ ਨਵਾਂ ਸਮਾਰਟਫੋਨ ਖਰੀਦਣ ਵੇਲੇ ਅਡਾਪਟਰ ਨਹੀਂ ਦਿੰਦੀਆਂ। ਸਮਾਰਟਫੋਨ ਦੇ ਨਾਲ ਸਿਰਫ ਚਾਰਜਿੰਗ ਕੇਬਲ ਦਿੱਤੀ ਜਾਂਦੀ ਹੈ ਅਤੇ ਤੁਹਾਨੂੰ ਅਡਾਪਟਰ ਖ਼ੁਦ ਖਰੀਦਣਾ ਪੈਂਦਾ ਹੈ। ਅਜਿਹੇ ਵਿੱਚ ਕਈ ਵਾਰ ਲੋਕ ਆਨਲਾਈਨ ਜਾਂ ਆਫਲਾਈਨ ਮਿਲਣ ਵਾਲੇ ਸਸਤੇ ਐਡਪਟਰ ਖ਼ਰੀਦ ਲੈਂਦੇ ਹਨ, ਜੋ ਬਾਅਦ ’ਚ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ।
ਸਮਾਰਟਫੋਨ ਅਡਾਪਟਰ ’ਤੇ ਕੁਝ ਚਿੰਨ੍ਹ ਬਣੇ ਹੁੰਦੇ ਹਨ। ਇਹ ਚਿੰਨ੍ਹ ਅਡਾਪਟਰ ਦੀ ਸੁਰੱਖਿਆ ਨੂੰ ਦਰਸਾਉਂਦੇ ਹਨ। ਹਰ ਪ੍ਰਤੀਕ ਦਾ ਵੱਖਰਾ ਅਰਥ ਹੁੰਦਾ ਹੈ। ਚਾਰਜਰ ਖਰੀਦਣ ਵੇਲੇ ਇਨ੍ਹਾਂ ਚਿੰਨ੍ਹਾਂ ਨੂੰ ਧਿਆਨ ਨਾਲ ਵੇਖੋ।
ਸਮਾਰਟਫੋਨ ਦਾ ਅਡਾਪਟਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਚਿੰਨ੍ਹਾਂ ਨੂੰ ਧਿਆਨ ਨਾਲ ਦੇਖੋ –
- ਦੂਹਰਾ ਵਰਗ (Double Square) – ਇਸਦਾ ਮਤਲਬ ਹੈ ਕਿ ਇਹ ਚਾਰਜਰ ਸੁਰੱਖਿਅਤ ਹੈ। ਇਸ ਨਾਲ ਬਿਜਲੀ ਦਾ ਝਟਕਾ ਨਹੀਂ ਲੱਗੇਗਾ।
- V ਚਿੰਨ੍ਹ – ਇਹ ਅੰਗ੍ਰੇਜ਼ੀ ਭਾਸ਼ਾ ਦਾ ਅੱਖਰ V ਨਹੀਂ ਹੈ, ਪਰ ਰੋਮਨ ਭਾਸ਼ਾ ਵਿੱਚ 5 ਲਿਖਿਆ ਗਿਆ ਹੈ, ਜੋ ਚਾਰਜਰ ਦੀ ਪਾਵਰ ਲੈਵਲ ਕੁਸ਼ਲਤਾ ਨੂੰ ਦਰਸਾਉਂਦਾ ਹੈ।
- 8 ਦਾ ਚਿੰਨ੍ਹ – 8 ਚਿੰਨ੍ਹ ਦਾ ਚਾਰਜਰ ਚੰਗੀ ਗੁਣਵੱਤਾ ਅਤੇ ਪ੍ਰਦਰਸ਼ਨ ਪ੍ਰਦਾਨ ਕਰੇਗਾ।
- ਘਰ (Home) ਦਾ ਨਿਸ਼ਾਨ: ਇਸਦਾ ਮਤਲਬ ਹੈ ਕਿ ਚਾਰਜਰ ਨੂੰ ਘਰ ਵਿੱਚ ਹੀ ਵਰਤਿਆ ਜਾ ਸਕਦਾ ਹੈ। ਇਹ ਉੱਚ ਵੋਲਟੇਜ ਲਈ ਨਹੀਂ ਹੈ। ਤੇਜ਼ ਧੁੱਪ ਵਿਚ ਵੀ ਇਸ ਦੀ ਵਰਤੋਂ ਨਾ ਕਰੋ।
ਮੋਬਾਈਲ ਫ਼ੋਨ ਚਾਰਜ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
- ਹਮੇਸ਼ਾ ਅਸਲੀ (Original) ਤੇ ਵਧੀਆ ਕੁਆਲਟੀ ਦਾ ਹੀ ਚਾਰਜਰ ਇਸਤੇਮਾਲ ਕਰੋ। ਨਵੇਂ ਸਮਾਰਟਫੋਨ ਦੇ ਨਾਲ ਆਉਣ ਵਾਲੇ ਚਾਰਜਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਫੋਨ ਦੇ ਨਾਲ ਚਾਰਜਰ ਨਹੀਂ ਆਉਂਦਾ ਹੈ ਤਾਂ ਮੋਬਾਈਲ ਦੀ ਸਮਰੱਥਾ ਅਨੁਸਾਰ ਉਸੇ ਕੰਪਨੀ ਦਾ ਚਾਰਜਰ ਖਰੀਦੋ। ਗੈਰ-ਬ੍ਰਾਂਡ ਵਾਲੇ ਚਾਰਜਰ ਦੀ ਵਰਤੋਂ ਨਾ ਕਰੋ।
- ਜੋ ਫ਼ੋਨ ਚਾਰਜਿੰਗ ਲਈ ਲਾਇਆ ਹੈ ਤਾਂ ਇਸ ਦੌਰਾਨ ਫ਼ੋਨ ਦੀ ਵਰਤੋਂ ਨਾ ਕਰੋ। ਜਦੋਂ ਚਾਰਜਰ ਨੂੰ ਇਲੈਕਟ੍ਰੀਕਲ ਸਾਕਟ ਵਿੱਚ ਲਗਾਇਆ ਜਾਂਦਾ ਹੈ ਤਾਂ ਸਮਾਰਟਫ਼ੋਨ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਧਮਾਕੇ ਦਾ ਖਤਰਾ ਬਣ ਸਕਦਾ ਹੈ।
- ਫ਼ੋਨ ਨੂੰ ਰਾਤ ਭਰ ਚਾਰਜਿੰਗ ਲਈ ਲਾ ਕੇ ਨਾ ਛੱਡੋ। ਫ਼ੋਨ ਨੂੰ ਚਾਰਜ ਕਰਨ ਤੋਂ ਬਾਅਜ ਚਾਰਜਰ ਨੂੰ ਪਲੱਗ ਵਿੱਚੋਂ ਹਟਾ ਦਿਓ।
- ਫ਼ੋਨ ਨੂੰ ਵਾਰ-ਵਾਰ ਚਾਰਜ ਕਰਨ ਦੀ ਬਜਾਇ ਇੱਕੋ ਵਾਰ ਵਿੱਚ ਹੀ ਚਾਰਜ ਕਰੋ। ਆਪਣੇ ਫ਼ੋਨ ਦੀ ਬੈਟਰੀ ਚਾਰਜਿੰਗ ਪ੍ਰਤੀਸ਼ਤ ਨੂੰ ਹਮੇਸ਼ਾ 20% ਤੋਂ 80% ਦੇ ਵਿਚਕਾਰ ਰੱਖੋ। ਓਵਰਚਾਰਜਿੰਗ ਤੋਂ ਬਚੋ ਅਤੇ ਬੈਟਰੀ ਨੂੰ 0% ਤੱਕ ਨਿਕਾਸ ਨਾ ਹੋਣ ਦਿਓ। ਇਸ ਨਾਲ ਤੁਹਾਡੇ ਸਮਾਰਟਫੋਨ ਦੀ ਬੈਟਰੀ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।
- ਚਾਰਜਿੰਗ ਵੇਲੇ ਫ਼ੋਨ ਗਰਮ ਹੁੰਦਾ ਹੈ, ਇਸ ਲਈ ਫ਼ੋਨ ਦਾ ਕਵਰ ਹਟਾ ਕੇ ਚਾਰਜ ਕਰੋ। ਜੇਕਰ ਸਮਾਰਟਫੋਨ ਦਾ ਬੈਕ ਕਵਰ ਹੈ, ਤਾਂ ਚਾਰਜ ਕਰਦੇ ਸਮੇਂ ਕਵਰ ਨੂੰ ਹਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਕਵਰ ਬੈਟਰੀ ਖੇਤਰ ਵਿੱਚ ਜ਼ਿਆਦਾ ਗਰਮੀ ਦਾ ਕਾਰਨ ਬਣ ਸਕਦਾ ਹੈ, ਜੋ ਬੈਟਰੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਹਰ ਫੋਨ ਨਾਲ ਅਜਿਹਾ ਨਹੀਂ ਹੁੰਦਾ ਹੈ।
- ਜੇ ਚਾਰਜਿੰਗ ਦੀ ਤਾਰ ਟੁੱਟ ਗਈ ਹੈ ਜਾਂ ਖ਼ਰਾਬ ਹੋ ਗਈ ਹੈ ਤਾਂ ਉਸ ਨੂੰ ਤੁਰੰਤ ਬਦਲ ਦਿਓ।
- ਤੂਫ਼ਾਨ, ਮੀਂਹ ਆਦਿ ਵਿੱਚ ਮੋਬਾਈਲ ਚਾਰਜ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਵੋਲਟੇਜ ਵਧਣ ਜਾਂ ਘਟਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਫ਼ੋਨ ਅਤੇ ਚਾਰਜਰ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ। ਵੋਲਟੇਜ ਘੱਟ-ਵੱਧ ਹੋ ਰਹੀ ਹੈ ਤਾਂ ਚਾਰਜਿੰਗ ਨਾ ਕਰੋ।