ਬਿਉਰੋ ਰਿਪੋਰਟ – ਅਕਾਲੀ ਦਲ ਦੇ ਬਾਗ਼ੀ ਧੜੇ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਜਿਹੜੀਆਂ 4 ਗਲਤੀਆਂ ਲਈ ਮੁਆਫ਼ੀ ਮੰਗੀ ਹੈ ਉਸ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਵੀ ਅਹਿਮ ਜ਼ਿਕਰ ਹੈ। ਜਿਸ ਦੇ ਜ਼ਰੀਏ ਸਾਫ਼ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬ ਤੋਂ ਸਿਆਸੀ ਪ੍ਰਭਾਵ ਅਧੀਨ ਜ਼ਬਰਦਸਤੀ ਫੈਸਲੇ ਕਰਵਾਏ ਜਾਂਦੇ ਰਹੇ ਹਨ।
ਬਾਗ਼ੀ ਗੁੱਟ ਨੇ ਜਿਹੜੀ ਦੂਜੀ ਮੁਆਫ਼ੀ ਮੰਗੀ ਹੈ ਉਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਸੌਧਾ ਸਾਧ ਨੂੰ ਸਿੱਖ ਪੰਥ ਵੱਲੋਂ ਛੇਕ ਦਿੱਤਾ ਗਿਆ ਸੀ ਤਾਂ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮੁਆਫ਼ ਕਰਵਾ ਦਿੱਤਾ ਗਿਆ।
ਮੌਜੂਦਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਤਤਕਾਲੀ ਜਥੇਦਾਰ ਨੂੰ ਬੁਲਾ ਕੇ ਇਸ ਦਾ ਸਪੱਸ਼ਟੀਕਰਨ ਵੀ ਲਿਆ ਜਾ ਸਕਦਾ ਹੈ। ਹਾਲਾਂਕਿ ਉਸ ਵੇਲੇ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਵੀ ਸਭ ਤੋਂ ਪਹਿਲਾਂ ਇਸ ਦਾ ਖ਼ੁਲਾਸਾ ਕੀਤਾ ਸੀ ਕਿ ਅਕਾਲੀ ਦਲ ਦੇ ਦਫ਼ਤਰ ਤੋਂ ਤਿਆਰ ਹੋ ਕੇ ਮੁਆਫ਼ੀਨਾਮਾ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚੋ ਸੁਲਾਹ ਤੋਂ ਬਾਅਦ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ।
ਸਿਰਫ਼ ਇੰਨਾਂ ਹੀ ਨਹੀਂ ਬਾਗ਼ੀ ਗੁੱਟ ਨੇ ਚਿੱਠੀ ਵਿੱਚ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਸੌਧਾ ਸਾਧ ਦੀ ਮੁਆਫ਼ੀ ਦਾ ਅਕਾਲੀ ਦਲ ਦੇ ਇਸ ਕਦਰ ਸਿਆਸੀ ਦਬਾਅ ਸੀ ਕਿ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਦੇ ਲਈ 90 ਲੱਖ ਦੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ। ਪਰ ਸਿੱਖ ਪੰਥ ਦੇ ਦਬਾਅ ਦੀ ਵਜ੍ਹਾ ਕਰਕੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਛੇ ਹਟਣਾ ਪਿਆ ਹੈ।
ਸ੍ਰੀ ਅਕਾਲ ਤਖ਼ਤ ਨੂੰ ਸੌਂਪੇ ਗਏ ਮੁਆਫ਼ੀ ਪੱਤਰ ਵਿੱਚ ਸੌਧਾ ਸਾਧ ਖਿਲਾਫ਼ ਕੇਸ ਵਾਪਸ ਲੈਣ, ਬੇਅਦਬੀ ਦਾ ਇਨਸਾਫ਼ ਦਿਵਾਉਣ ਵਿੱਚ ਫੇਲ੍ਹ ਸਾਬਿਤ ਹੋਣ ਅਤੇ ਸਿੱਖਾਂ ਦੇ ਤਸ਼ੱਦਦ ਢਾਉਣ ਵਾਲੇ ਪੁਲਿਸ ਅਫ਼ਸਰ ਸੁਮੇਧ ਸਿੰਘ ਸੈਣੀ ਨੂੰ DGP ਬਣਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਰ ਸਭ ਤੋਂ ਵੱਡਾ ਇਲਜ਼ਾਮ ਜਿਹੜਾ ਸਿੱਖ ਪੰਥ ਨੂੰ ਹੁਣ ਵੀ ਪਰੇਸ਼ਾਨ ਕਰ ਰਿਹਾ ਹੈ ਜਿਸ ਦਾ ਜ਼ਿਕਰ ਚਿੱਠੀ ਵਿੱਚ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸੌਧਾ ਸਾਧ ਨੂੰ ਬਿਨਾਂ ਮੰਗੇ ਦਿੱਤੀ ਗਈ ਮੁਆਫ਼ੀ ਦੇਣ ਲਈ ਤਤਕਾਲੀ ਜਥੇਦਾਰ ਗੁਰਬਚਨ ਸਿੰਘ ’ਤੇ ਦਬਾਅ ਪਾਇਆ ਹੈ। ਇਸ ਇਲਜ਼ਾਮ ਦੇ ਜ਼ਰੀਏ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਮੇਂ-ਸਮੇਂ ’ਤੇ ਅਕਾਲੀ ਦਲ ਆਪਣੇ ਮੁਫਾਦ ਦੇ ਲਈ ਜਥੇਦਾਰ ਸਾਹਿਬਾਨ ਦੀ ਵਰਤੋਂ ਕਰਦਾ ਹੈ।
ਹੁਣ ਵੱਡਾ ਸਵਾਲ ਇਹ ਹੈ ਕਿ ਮੌਜੂਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੀ ਅਕਾਲੀ ਦਲ ਦੇ ਦਬਾਅ ਅਧੀਨ ਹੀ ਕੰਮ ਕਰ ਰਹੇ ਹਨ? ਜੇ ਨਹੀਂ ਤਾਂ ਉਹ ਸਿੱਖ ਪੰਥ ਨੂੰ ਡੇਰੇ ਨੂੰ ਦਿੱਤੀ ਗਈ ਮੁਆਫ਼ੀ ਜਿਹੜੀ ਪਿਛਲੇ 1 ਦਹਾਕੇ ਤੋਂ ਚੁਭ ਰਹੀ ਹੈ ਉਸ ਨੂੰ ਲੈ ਕੇ ਜਾਂਚ ਕਰਨ? ਜਿਸ ਦਾ ਜ਼ਿਕਰ ਚਿੱਠੀ ਵਿੱਚ ਕੀਤਾ ਗਿਆ ਹੈ, ਕੀ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦੇ ਕੇ ਸਪੱਸ਼ਟੀਕਰਨ ਮੰਗਿਆ ਜਾਵੇਗਾ? ਕੀ ਉਸ ਵੇਲੇ ਸੌਧਾ ਸਾਧ ਨੂੰ ਮੁਆਫ਼ੀ ਦੇਣ ਲਈ ਉਨ੍ਹਾਂ ’ਤੇ ਕੋਈ ਸਿਆਸੀ ਦਬਾਅ ਸੀ? ਕੀ ਗਿਆਨੀ ਗੁਰਮੁਖ ਸਿੰਘ ਨੂੰ ਪੇਸ਼ ਹੋ ਕੇ ਆਪਣੇ ਪੁਰਾਣੇ ਬਿਆਨ ’ਤੇ ਜਵਾਬ ਮੰਗਿਆ ਜਾਵੇਗਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਅਕਾਲੀ ਦਲ ਦੇ ਦਫ਼ਤਰ ਵਿੱਚ ਮੁਆਫ਼ੀ ਦੀ ਚਿੱਠੀ ਤਿਆਰ ਹੋਈ ਸੀ? ਆਖਿਰ ਉਸ ਤੋਂ ਬਾਅਦ ਅਜਿਹਾ ਕੀ ਹੋਇਆ ਜਿਸ ਦੀ ਵਜ੍ਹਾ ਕਰਕੇ ਗੁਰਮੁਖ ਸਿੰਘ ਪਿੱਛੇ ਹਟੇ ਤੇ ਉਨ੍ਹਾਂ ਨੂੰ ਮੁੜ ਤੋਂ ਸ੍ਰੀ ਅਕਾਲ ਤਖ਼ਤ ਦੇ ਮੁਖ ਗ੍ਰੰਥੀ ਦੀ ਸੇਵਾ ਸੌਂਪੀ ਗਈ?
ਜਥੇਦਾਰ ਸ੍ਰੀ ਅਕਾਲ ਜੇਕਰ ਬਾਗ਼ੀ ਗੁੱਟ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਸਮੁੱਚੀ ਲੀਡਰਸ਼ਿੱਪ ਨੂੰ ਏਕੇ ਦਾ ਸੁਨੇਹਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਿਆਸੀ ਪ੍ਰਭਾਵ ਅਧੀਨ ਕੰਮ ਨਹੀਂ ਕਰਦਾ ਹੈ। ਕਿਉਂਕਿ ਇਹ ਇਲਜ਼ਾਮ ਬਾਗ਼ੀ ਅਕਾਲੀ ਦਲ ਨੇ ਭਾਵੇ ਹੁਣੇ ਲਗਾਏ ਹਨ ਪਰ ਕਿਧਰੇ ਨਾ ਕਿਧਰੇ ਸਮੁੱਚੀ ਸਿੱਖ ਕੌਮ ਦੇ ਦਿਮਾਗ ਅਤੇ ਦਿਲ ਵਿੱਚ ਕਈ ਸਾਲਾਂ ਤੋਂ ਹਨ।
ਮੀਰੀ ਪੀਰੀ ਦੇ ਸਿਧਾਂਤ ਦਾ ਸੁਨੇਹਾ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਨੂੰ ਇਸ ਦੀ ਘੋਖ ਕਰਨੀ ਹੋਵੇਗੀ ਕੀ ਸੌਧਾ ਸਾਧ ਨੂੰ ਮੁਆਫ਼ੀ ਦੇਣ ਵੇਲੇ ਕੀ ਵਾਕਿਆ ਹੀ ਤਤਕਾਲੀ ਜਥੇਦਾਰ ਗੁਰਬਚਨ ਸਿੰਘ ਕਿਸੇ ਦਬਾਅ ਅਧੀਨ ਵਿੱਚ ਸਨ? ਉਸ ਵੇਲੇ ਦੇ ਹੋਰ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਹੈ, ਕਿਉਂਕਿ ਜੇ ਸਿੱਖਾਂ ਦੀ ਸੁਪਰੀਮ ਅਦਾਲਤ ਨਿਰਪੱਖ ਢੰਗ ਨਾਲ ਇਸ ਦਾ ਦੁੱਧ ਦਾ ਦੁੱਧ ਪਾਣੀ ਕਰਦੀ ਹੈ ਤਾਂ ਨਾ ਸਿਰਫ਼ ਸ੍ਰੀ ਅਕਾਲ ’ਤੇ ਸਿੱਖ ਸੰਗਤ ਦਾ ਵਿਸ਼ਵਾਸ਼ ਮਜ਼ਬੂਤ ਨਹੀਂ ਹੋਵੇਗਾ ਬਲਕਿ ਅਕਾਲੀ ਦਲ ਨੂੰ ਵੀ ਸੁਰਜੀਤ ਕਰਨ ਵਿੱਚ ਮਦਦ ਮਿਲੇਗੀ।