ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਮੁਆਫ਼ੀਨਾਮੇ ਦੀ ਚਿੱਠੀ ਜਨਤਕ ਹੋਣ ਤੋਂ ਬਾਅਦ ਬਾਗ਼ੀ ਧੜੇ ਨੇ ਇਸ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਪਾਰਟੀ ਤੋਂ ਬਾਹਰ ਕੱਢੇ ਗਏ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਦਾਸ ਕੋਲੋਂ ਚੇਤ- ਅਚੇਤ ਵਿੱਚ ਹੋਈਆਂ ਸਾਰੀਆਂ ਭੁੱਲਾਂ ਚੁੱਕ ਲਈ ਖਿਮਾ ਦਾ ਜਾਚਕ ਹੈ ਫੈਸਲੇ ਦੀ ਮੁਆਫ਼ੀ ਮੰਗਦਾ ਹੈ, ਜਦਕਿ ਜ਼ਿਆਦਾਤਰ ਫੈਸਲੇ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸਨ। ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ ਕਿ ਸੌਦਾ ਸਾਧ ਦਾ ਪੋਸ਼ਾਕ ਦਾ ਕੇਸ ਕਿਉਂ ਵਾਪਸ ਕਰਵਾਇਆ? ਵੋਟਾਂ ਦੀ ਸੌਦੇਬਾਜ਼ੀ ਕਿਉਂ ਕੀਤੀ? ਡੇਰੇ ਨੂੰ ਮੁਆਫ਼ੀ ਦਿਵਾਉਣ ਦੇ ਲਈ ਕਿਉਂ ਦਬਾਅ ਬਣਾਇਆ? ਇਹ ਸਾਰੀਆਂ ਗ਼ਲਤੀਆਂ ਵੱਡੇ ਦਿਲ ਨਾਲ ਮੰਨਣੀਆਂ ਚਾਹੀਦੀਆਂ ਸਨ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਸੁਖਬੀਰ ਬਾਦਲ ਦੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਕੁਝ ਸੀਨੀਅਰ ਆਗੂਆਂ ਦੀ ਸ਼ਿਕਾਇਤ ਕੀਤੀ ਹੈ,ਉ ਨ੍ਹਾਂ ਕਿਹਾ ਅਸੀਂ ਸ਼ਿਕਾਇਤ ਨਹੀਂ ਕੀਤੀ ਹੈ ਅਸੀਂ ਕਿਹਾ ਹੈ ਕਿ ਸਾਡੇ ਕੋਲੋਂ ਇਹ ਗ਼ਲਤੀਆਂ ਹੋਈਆਂ ਹਨ, ਸਾਨੂੰ ਸਮੇਂ ਸਿਰ ਬੋਲਣਾ ਚਾਹੀਦਾ ਸੀ, ਰੋਕਣਾ ਚਾਹੀਦਾ ਸੀ, ਪਰ ਰੋਕ ਨਹੀਂ ਸਕੇ। ਪਰ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਅਸੀਂ ਚੇਤ-ਅਚੇਤ ਹੋਈਆਂ ਭੁੱਲਾ ਦੀ ਮੁਆਫ਼ੀ ਮੰਗਦੇ ਹਾਂ।
ਬਾਗ਼ੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਪ੍ਰਕਿਆ ਹੁੰਦੀ ਹੈ ਕਿ ਜਥੇਦਾਰ ਸਾਹਿਬ ਵੱਲੋਂ ਇੱਕ-ਇੱਕ ਗ਼ਲਤੀ ਦਾ ਜ਼ਿਕਰ ਕੀਤਾ ਜਾਂਦਾ ਅਤੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹ ਕੀਤਾ ਹੈ? ਜੇ ਕਿਸੇ ਵੀ ਗ਼ਲਤੀ ਦਾ ਜ਼ਿਕਰ ਨਹੀਂ ਹੋਵੇਗਾ ਤਾਂ ਸੰਗਤ ਦੇ ਸਾਹਮਣੇ ਸਾਰਾ ਸੱਚ ਕਿਵੇਂ ਸਾਹਮਣੇ ਆਵੇਗਾ? ਬਰਾੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਚਿੱਠੀ ਵਿੱਚ ਇੱਕ-ਇੱਕ ਗ਼ਲਤੀ ਦਾ ਜ਼ਿਕਰ ਕਰਨਾ ਚਾਹੀਦਾ ਹੈ ਕਿ ਕਿਵੇਂ ਅਸੀਂ ਆਪਣੇ ਮੁਆਫ਼ੀਨਾਮੇ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਪਹਿਲਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਸਨ ਕਿ ਸਾਡੇ ਕੋਲ ਕੋਈ ਗ਼ਲਤੀਆਂ ਨਹੀਂ ਹੋਈਆਂ, ਹੁਣ ਜਦੋਂ ਮੰਨ ਲਈਆਂ ਹਨ ਤਾਂ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੀਆਂ-ਕਿਹੜੀਆਂ ਹੋਈਆਂ ਹਨ।
ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀਨਾਮੇ ਦੀ ਚਿੱਠੀ ਜਨਤਕ
ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਕੋਲੋਂ ਹੋਈਆਂ ਸਾਰੀਆਂ ਭੁੱਲਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਪਾਸੋਂ ਬਿਨਾਂ ਸ਼ਰਤ ਖਿਮਾ ਜਾਚਨਾ ਕਰਦਾ ਹਾਂ। ਉਨ੍ਹਾਂ ਨੇ ਕਿਹੀ ਕਿ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹਾਂ। ਬਾਦਲ ਨੇ ਕਿਹਾ ਕਿ ਸਿੰਘ ਸਹਿਬਾਨ ਦੇ ਹੁਕਮਾਂ ਨੂੰ ਖਿੜੇ-ਮੱਥੇ ਪ੍ਰਵਾਨ ਕਰਾਂਗਾ।
ਜਨਤਕ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖ਼ਤ ਹੈ। ਸਮਰੱਥ ਗੁਰੂ ਜਾਣੀ-ਜਾਣਾ ਹੈ। ਤਰਕ ਤੇ ਦਲੀਲਾਂ ਉਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ। ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ। ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬਿਨਾ ਕਿਸੇ ਸਵਾਲ-ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ। ਜੋ ਵੀ ਸਾਡੇ ਖ਼ਿਲਾਫ਼ ਲਿਖ ਕੇ ਦਿੱਤਾ ਗਿਆ ਹੈ, ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖ਼ਤ ’ਤੇ ਹਾਜਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸ ਬਿਨ੍ਹਾਂ ਸ਼ਰਤ ਖਿਮਾ ਜਾਚਨਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਬੋਲੀ ਵਿੱਚ ਪਾਉਂਦਾ ਹੈ। ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ, ਦਾਸ ਚੇਤ-ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ-ਚੁੱਕਾਂ ਲਈ ਖਿਮਾ ਦਾ ਜਾਚਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਮਤਿ ਪ੍ਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ। ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੁੱਖੇ।
ਇਸ ਵਿਚ ਸੁਖਬੀਰ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਜਥੇਬੰਦੀ ਦੀ ਸਥਾਪਨਾ ਵੀ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਹਿਬਾਨ ਅਤੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ।