International

ਅਫ਼ਗਾਨਿਸਤਾਨੀ ਇਸਲਾਮਿਕ ਸਿਸਟਮ ‘ਚ ਕੰਮ ਕਰਨ ਲਈ ਰਹਿਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਤਾਲਿਬਾਨ ਨੇ ਕਾਬੁਲ ਨੂੰ ਚਾਰਾਂ ਪਾਸਿਆਂ ਤੋਂ ਘੇਰਨ ਦਾ ਦਾਅਵਾ ਕੀਤਾ ਹੈ। ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਸਾਰੇ ਪ੍ਰਮੁੱਖ ਸ਼ਹਿਰਾਂ ‘ਤੇ ਨਿਯੰਤਰਨ ਕਰਨ ਤੋਂ ਬਾਅਦ ਅੱਜ ਸਵੇਰੇ ਕਾਬੁਲ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਹੈ ਕਿ ਉਸਨੇ ਆਪਣੇ ਲੜਾਕਿਆਂ ਨੂੰ ਕਾਬੁਲ ਦੇ ਐਂਟਰੀ ਗੇਟਾਂ ਦੇ ਬਾਹਰ ਰੁਕਣ ਲਈ ਕਿਹਾ ਹੈ। ਤਾਲਿਬਾਨ ਨੇ ਮੁਲਕ ਦੇ ਲੋਕਾਂ ਨੂੰ ਕਿੱਧਰੇ ਭੱਜਣ ਦੀ ਬਜਾਇ ਮੁਲਕ ਦੇ ਇਸਲਾਮਿਕ ਸਿਸਟਮ ਵਿੱਚ ਆਪਣਾ ਭਵਿੱਖ ਦੇਖਣ ਲਈ ਕਿਹਾ ਹੈ।

ਤਾਲਿਬਾਨ ਨੇ ਕਿਹਾ ਕਿ ਅਫ਼ਗਾਨ ਸੈਨਿਕ ਬਲਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਜਾਣ ਦਿੱਤਾ ਜਾਵੇਗਾ। ਤਾਲਿਬਾਨ ਨੇ ਏਅਰਪੋਰਟ ਅਤੇ ਹਸਪਤਾਲ ਸੰਚਾਲਿਤ ਰਹਿਣ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਵਿਦੇਸ਼ੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ ਤਾਂ ਜਾ ਸਕਦੇ ਹਨ ਅਤੇ ਜੇਕਰ ਉਹ ਅਫ਼ਗਾਨਿਸਤਾਨ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਆਪਣੀ ਸਾਰੀ ਮੌਜੂਦਗੀ ਤਾਲਿਬਾਨ ਦੇ ਸਾਹਮਣੇ ਦਰਜ ਕਰਵਾਉਣੀ ਹੋਵੇਗੀ। ਅਮਰੀਕਾ ਨੇ ਆਪਣੇ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਅਫ਼ਗਾਨਿਸਤਾਨ ਤੋਂ ਕੱਢਣ ਲਈ 5 ਹਜ਼ਾਰ ਸੈਨਿਕ ਕਾਬੁਲ ਭੇਜੇ ਹਨ।

ਅਫ਼ਗ਼ਾਨਿਸਤਾਨ ’ਚ ਭਾਰਤ ਦੇ ਬਹੁਤੇ ਕੌਂਸਲੇਟ ਦਫ਼ਤਰ ਕਿਰਾਏ ਦੀਆਂ ਇਮਾਰਤਾਂ ’ਚ ਹਨ ਤੇ ਤਾਲਿਬਾਨ ਨੇ ਹੁਣ ਉਨ੍ਹਾਂ ਨੂੰ ਜਿੰਦਰੇ ਲਾ ਕੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਤਾਲਿਬਾਨ ਦੇ ਬੁਲਾਰੇ ਨੇ ਮੀਡੀਆ ਸਾਹਮਣੇ  ਦਾਇਵਾ ਕੀਤਾ ਹੈ ਕਿ ਉਹ ਅਜਿਹਾ ਸਿਰਫ਼ ਸੁਰੱਖਿਆ ਕਾਰਨਾਂ ਕਰ ਕੇ ਕਰ ਰਹੇ ਹਨ। ਤਾਲਿਬਾਨ ਬੁਲਾਰੇ ਨੇ ਦਾਅਵਾ ਕੀਤਾ ਕਿ ਜਦੋਂ ਵੀ ਭਾਰਤ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਆ ਜਾਵੇਗਾ, ਉਦੋਂ ਹੀ ਦਫ਼ਤਰ ਖੋਲ੍ਹ ਦਿੱਤੇ ਜਾਣਗੇ।