‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਸੈੱਲ/ਪੈਨਲ ਨੇ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਘਟਨਾ ਦੀ ਉੱਚ ਪੱਧਰੀ ਜੁਡੀਸ਼ਲ ਜਾਂਚ ਕਰਵਾਉਣ ਦੀ ਮੰਗ ਕੀਤੀ। ਪੈਨਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “122 ਕਿਸਾਨਾਂ ਨੂੰ ਦਿੱਲੀ ਪੁਲੀਸ ਨੇ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ ਹੇਠ 14 ਕੇਸ ਦਰਜ ਕੀਤੇ ਹਨ। ਜ਼ਿਆਦਾ ਕਿਸਾਨਾਂ ‘ਤੇ 307 ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 395, 397 ਧਾਰਾਵਾਂ ਵੀ ਦਰਜ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਦੀ ਜਲਦੀ ਜ਼ਮਾਨਤ ਨਾ ਹੋ ਸਕੇ”।
ਉਨ੍ਹਾਂ ਕਿਹਾ ਕਿ “ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਵਾਲੇ 16 ਕਿਸਾਨ 26 ਜਨਵਰੀ ਤੋਂ ਹੀ ਲਾਪਤਾ ਹਨ। ਇਨ੍ਹਾਂ ਵਿੱਚੋਂ 9 ਲੋਕ ਹਰਿਆਣਾ ਦੇ, ਇੱਕ ਰਾਜਸਥਾਨ ਦਾ ਅਤੇ ਬਾਕੀ ਪੰਜਾਬ ਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਕਾਨੂੰਨੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ”।
ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਪੈਨਲ ਨੇ ਦੱਸਿਆ ਕਿ “ਜੇਲ੍ਹਾਂ ਵਿੱਚ ਜੋ ਕਿਸਾਨ ਬੰਦ ਹਨ, ਉਨ੍ਹਾਂ ਲਈ ਸਾਡਾ ਅਤੇ ਦਿੱਲੀ ਦਾ ਲੀਗਲ ਪੈਨਲ ਮਦਦ ਕਰੇਗਾ। ਇਨ੍ਹਾਂ ਦੋਵਾਂ ਪੈਨਲਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੀਆਂ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਹਨ, ਜਿਨ੍ਹਾਂ ‘ਤੇ ਜ਼ਿਆਦਾ ਗੰਭੀਰ ਧਾਰਾਵਾਂ ਦਰਜ ਨਹੀਂ ਸਨ। ਹਾਲੇ ਤੱਕ ਗ੍ਰਿਫਤਾਰ ਹੋਏ 122 ਬੰਦਿਆਂ ਵਿੱਚੋਂ 8 ਲੋਕਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ। ਦੋ ਬੰਦਿਆਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ ਪਰ ਉਹ ਹਾਲੇ ਤੱਕ ਪੁਲਿਸ ਕਸਟਡੀ ਵਿੱਚ ਹਨ ਕਿਉਂਕਿ ਅੱਜ ਸ਼ਨੀਵਾਰ ਅਤੇ ਕੱਲ੍ਹ ਐਤਵਾਰ ਹੈ, ਜਿਸ ਕਰਕੇ ਉਹ ਹਾਲੇ ਰਿਹਾਅ ਨਹੀਂ ਹੋ ਸਕਦੇ। ਸੋਮਵਾਰ ਨੂੰ ਇਹ ਦੋਵੇਂ ਬਜ਼ੁਰਗ ਬਾਹਰ ਆ ਜਾਣਗੇ”।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜੇਲ੍ਹ ਵਿੱਚ 112 ਬੰਦੇ ਰਹਿ ਜਾਂਦੇ ਹਨ, ਜਿਨ੍ਹਾਂ ਵਿੱਚੋਂ ਅਸੀਂ 5 ਕਿਸਾਨਾਂ ਦੀ ਕੱਲ੍ਹ ਜ਼ਮਾਨਤ ਅਪਲਾਈ ਕਰ ਦਿੱਤੀ ਹੈ। ਸਾਡੇ ਦੋਵੇਂ ਲੀਗਲ ਪੈਨਲਾਂ ਨੇ ਕੱਲ੍ਹ ਤਿਹਾੜ ਜੇਲ੍ਹ ਦਾ ਦੌਰਾ ਕੀਤਾ ਸੀ। ਕੱਲ੍ਹ ਪਹਿਲੀ ਵਾਰ ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਪੈਨਲ ਨੇ ਤਿਹਾੜ ਜੇਲ੍ਹ ਵਿੱਚ ਬੰਦ ਕਿਸਾਨਾਂ ਨਾਲ ਮੁਲਾਕਾਤ ਕੀਤੀ, ਹਾਲਾਂਕਿ ਤਿਹਾੜ ਜੇਲ੍ਹ ਵਿੱਚ ਫਿਜ਼ੀਕਲੀ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ ਹੈ। ਤਿਹਾੜ ਜੇਲ੍ਹ ਵਿੱਚ 9 ਜੇਲ੍ਹਾਂ ਹਨ”।
ਉਨ੍ਹਾਂ ਕਿਹਾ ਕਿ “29 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ‘ਤੇ ਜੋ ਘਟਨਾ ਵਾਪਰੀ, ਜਿਸ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਦੇ ਜ਼ਖਮੀ ਹੋਏ ਰਣਜੀਤ ਸਿੰਘ ਨੂੰ ਨਿੱਜੀ ਤੌਰ ‘ਤੇ ਮਿਲ ਕੇ ਘਟਨਾ ਦਾ ਵੇਰਵਾ ਲਿਆ ਗਿਆ। ਇਸ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਰਣਜੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਇਹ 11 ਨੌਜਵਾਨ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਗਲਤੀ ਨਾਲ ਟਿਕਰੀ ਬਾਰਡਰ ਤੋਂ ਦੂਜੇ ਰੂਟ ਵੱਲ ਨੂੰ ਚਲੇ ਗਏ ਸਨ, ਜਿੱਥੇ ਪੁਲਿਸ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 307 ਧਾਰਾ ਤਹਿਤ ਕੇਸ ਦਰਜ ਕਰ ਲਿਆ। ਜਦੋਂ ਅਸੀਂ ਇਨ੍ਹਾਂ ਨੌਜਵਾਨਾਂ ਨੂੰ ਮਿਲੇ ਤਾਂ ਇਹਨਾਂ ਦੇ ਹੌਂਸਲੇ ਬੁਲੰਦ ਸਨ”।
ਪੈਨਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “38 ਕਿਸਾਨਾਂ ਵਿੱਚੋਂ 22 ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਵਿੱਚੋਂ ਕੁੱਝ ਕਿਸਾਨ ਜੇਲ੍ਹ ਵਿੱਚ ਬੰਦ ਹਨ ਅਤੇ ਕੁੱਝ ਆਪਣਾ ਘਰਾਂ ਵਿੱਚ ਪਹੁੰਚ ਗਏ ਹਨ। ਅਪਰਾਧਿਕ ਕੇਸਾਂ, ਜਿਵੇਂ ਕਿ 307 ਧਾਰਾ ਤਹਿਤ ਦਰਜ ਕੀਤੇ ਗਏ ਕੇਸਾਂ ਵਾਲੇ ਕਿਸਾਨਾਂ ਲਈ ਜ਼ਮਾਨਤ ਦੀ ਪੈਰਵਾਈ ਕਰਨ ਲਈ ਅਸੀਂ ਚੰਡੀਗੜ੍ਹ ਹਾਈਕੋਰਟ ਦੇ ਬਹੁਤ ਨਾਮਵਰ, ਫੌਜਦਾਰੀ ਮੁਕੱਦਮੇ ਲੜਨ ਵਾਲੇ ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੂੰ ਨਿਯੁਕਤ (hire) ਕੀਤਾ ਹੈ। ਵਕੀਲ ਰਾਜਿੰਦਰ ਸਿੰਘ ਚੀਮਾ ਇਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਅਪਲਾਈ ਕਰਨਗੇ”।
ਉਨ੍ਹਾਂ ਨੇ ਦੱਸਿਆ ਕਿ “ਸੰਯੁਕਤ ਕਿਸਾਨ ਮੋਰਚਾ ਨੇ ਜੇਲ੍ਹ ਵਿੱਚ ਬੰਦ 112 ਬੰਦਿਆਂ ਨੂੰ 2-2 ਹਜ਼ਾਰ ਰੁਪਏ ਦਿੱਤੇ ਤਾਂ ਜੋ ਉਹ ਜੇਲ੍ਹ ਵਿੱਚ ਆਪਣਾ ਖਰਚ ਕਰ ਸਕਣ ਕਿਉਂਕਿ ਉਨ੍ਹਾਂ ਦੇ ਜੇਲ੍ਹ ਵਿੱਚ ਕੰਟੀਨ ਵਾਲੇ ਕਾਰਡ ਬਣੇ ਹੋਏ ਹਨ”।
ਪੈਨਲ ਨੇ ਕਿਸਾਨਾਂ ਨੂੰ ਜਾਂਚ ਵਿੱਚ ਪੇਸ਼ ਹੋਣ ਲਈ ਭੇਜੇ ਜਾ ਰਹੇ ਨੋਟਿਸਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ “ਕਿਸਾਨਾਂ ਨੂੰ ਜਾਂਚ ਵਿੱਚ ਪੇਸ਼ ਹੋਣ ਲਈ ਕਈ ਨੋਟਿਸ ਭੇਜੇ ਜਾ ਰਹੇ ਹਨ, ਜਿਵੇਂ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਭੇਜੇ ਜਾ ਚੁੱਕੇ ਹਨ। ਇਸ ਲਈ ਕੱਲ੍ਹ ਅਸੀਂ ਆਪਣੀ 12 ਮੈਂਬਰੀ ਲੀਗਲ ਕੋਰ ਕਮੇਟੀ ਵਿੱਚ ਸ਼ਾਮਿਲ ਹੋਏ ਸੀ ਅਤੇ ਇਨ੍ਹਾਂ 12 ਮੈਂਬਰਾਂ ਦੇ ਨੰਬਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੇ। ਜਿਸ ਵੀ ਕਿਸਾਨ ਨੂੰ ਇਹ ਨੋਟਿਸ ਜਾ ਰਹੇ ਹਨ, ਉਹ ਸਿੱਧਾ ਪੁਲਿਸ ਦੇ ਕੋਲ ਨਾ ਜਾਣ, ਉਹ ਇਨ੍ਹਾਂ ਵਕੀਲਾਂ ਜਾਂ ਆਪਣੀ ਜਥੇਬੰਦੀ ਦੇ ਮਾਧਿਅਮ ਨਾਲ ਸਾਡੇ ਨਾਲ (ਸੰਯੁਕਤ ਕਿਸਾਨ ਮੋਰਚਾ) ਸੰਪਰਕ ਕਰੇ ਅਤੇ ਅਸੀਂ ਵਕੀਲਾਂ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਜਵਾਬ ਦੇਵਾਂਗੇ”।
ਪੈਨਲ ਨੇ ਕਿਹਾ ਕਿ “ਸਾਨੂੰ ਪਤਾ ਲੱਗਾ ਹੈ ਕਿ ਜਾਂਚ ਵਿੱਚ ਪੇਸ਼ ਹੋਣ ਲਈ ਇਨ੍ਹਾਂ ਕਿਸਾਨਾਂ ਦੇ ਦਸਤਾਵੇਜ਼ ਮੰਗਵਾ ਕੇ ਇਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਲਈ ਇਹ ਇੱਕ ਜਾਲ ਹੈ। ਹੁਣ ਤੱਕ ਪੁਲਿਸ ਰਿਕਾਰਡ ਦੇ ਮੁਤਾਬਕ 44 ਐੱਫਆਈਆਰ ਦਰਜ ਹੋਈਆਂ ਹਨ। ਹਾਲੇ ਤੱਕ ਸਿਰਫ 14 ਐੱਫਆਈਆਰ ‘ਤੇ ਗ੍ਰਿਫਤਾਰੀ ਹੋਈ ਹੈ ਅਤੇ ਬਾਕੀ ਦੀਆਂ 22 ਐੱਫਆਈਆਰ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। 22 ਐੱਫਆਈਆਰ ਦੀਆਂ ਕਾਪੀਆਂ ਸਾਡੇ ਕੋਲ ਹਨ, ਬਾਕੀ ਐੱਫਆਈਆਰ ਦੀਆਂ ਕਾਪੀਆਂ ਵੀ ਸਾਨੂੰ ਨਹੀਂ ਮਿਲੀਆਂ”।
ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਟਵਿੱਟਰ, ਫੇਸਬੁੱਕ ਅਕਾਊਂਟ ‘ਤੇ ਜਿਹੜੇ ਵੀ ਕਿਸਾਨ, ਨੌਜਵਾਨ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਮਿਲਣ ਲਈ ਇੱਕ ਲਿੰਕ ਸ਼ੇਅਰ ਕੀਤਾ ਹੈ, ਜਿਸ ‘ਤੇ ਰਜਿਸਟਰ ਕਰਕੇ ਤੁਸੀਂ ਜੇਲ੍ਹ ਵਿੱਚ ਬੰਦ ਕਿਸਾਨਾਂ ਨਾਲ ਵੀਡੀਓ ਕਾਲ ਰਾਹੀਂ ਮੁਲਾਕਾਤ ਕਰ ਸਕਦੇ ਹੋ।