‘ਦ ਖਾਲਸ ਬਿਊਰੋ:ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਦੇ ਛਾਪੇ ਸੰਬੰਧੀ ਕਈ ਰਾਜਨੀਤਕ ਸ਼ਖਸੀਅਤਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ ।ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਜੋ ਕਿ ਇਸ ਸਮੇਂ ਪੰਜਾਬ ਦੀ ਸੱਤਾਦਾਰੀ ਪਾਰਟੀ ਹੈ, ਉਸ ਵਲੋਂ ਪੰਜਾਬ ਪੁਲਿਸ ਦੀ ਵਰਤੋਂ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਵੀ ਭਗਵੰਤ ਮਾਨ ਸਰਕਾਰ ਨੂੰ ਘੇਰ ਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਤੇ ਲਿਖਿਆ ਹੈ- ਮੈਨੂੰ ਲਗਦਾ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ। ਸੁਸ਼ੀਲ ਗੁਪਤਾ ਦੇ ਪੰਜਾਬ ਵਿਰੋਧੀ SYL ਦੇ ਬਿਆਨ ਉਤੇ ਨਾ ਆਪ ਦੇ 92 ਵਿਧਾਇਕਾਂ ਵਿਚੋਂ ਕੋਈ ਬੋਲਿਆ ਤੇ ਨਾ 5 ਨਵੇਂ ਰਾਜ ਸਭਾ ਮੈਂਬਰਾਂ ਵਿਚੋਂ। ਜੇ ਅੱਜ ਮੂਸੇਵਾਲਾ ਗਾਣਾ ਕੱਢ ਦਵੇ ਤਾਂ ਇਹ ਜਰੂਰ ਬੋਲਣਗੇ। ਮੁੱਖ ਮੰਤਰੀ ਅੱਜ ਹੀ ਐਸਵਾਈਐਲ ਉਤੇ ਆਪਣਾ ਸਟੈਂਡ ਸਪੱਸ਼ਟ ਕਰੇ।’
ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਭਗਵੰਤ ਮਾਨ ਸਰਕਾਰ ਵਲੋਂ ਬਦਲਾਖੋਰੀ ਕਰਨ ਦੀ ਨਿਖੇਧੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ਼ ਵਲੋਂ ਅਰਵਿੰਦ ਕੇਜਰਵਾਲ ਦੇ ਵਿਰੱਧ ਬਿਆਨ ਦੇਣ ਲਈ ਉਸਦੇ ਘਰ ਪੰਜਾਬ ਪੁਲਿਸ ਭੇਜਣ ਦੀ ਨਿੰਦਾ ਕਰਦਾ ਹਾਂ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਰਿਵਾਇਤੀ ਪਾਰਟੀਆਂ ਵਿਚ ਕੀ ਫਰਕ ਹੈ। ਪੰਜਾਬ ਪੁਲਿਸ ਦੀ ਦੁਰਵਰਤੋਂ ਨਾ ਕੀਤੀ ਜਾਵੇ।
ਜਲੰਧਰ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਪੰਜਾਬ ਪੁਲਿਸ ਦੀ ਸਿਆਸੀ ਬਦਲਾਖੋਰੀ ਲਈ ਦੁਰਵਰਤੋਂ ਕਰਨ ਦੀ ਨਿਖੇਧੀ ਕੀਤੀ ਹੈ। ਉਹਨਾਂ ਟਵੀਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਸਿਆਸੀ ਬਦਲਾਖੋਰੀ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਨਾ ਨਿੰਦਣਯੋਗ ਹੈ। ਡੀ ਜੀ ਪੀ ਨੂੰ ਜੁਰਅਤ ਵਿਖਾ ਕੇ ਪੰਜਾਬ ਪੁਲਿਸ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਹਨ, ਕੇਜਰੀਵਾਲ ਨਹੀਂ।