ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜ਼ਿਆਦਾਤਰ ਸ਼ਾਂਤੀਪੂਰਵਕ ਸੰਪੰਨ ਹੋਈਆਂ ਹਨ। ਰਾਜ ਚੋਣ ਕਮਿਸ਼ਨ ਮੁਤਾਬਕ, 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਲਈ ਵੋਟਿੰਗ ਸੁਚਾਰੂ ਰਹੀ , ਕਿਤੇ ਵੀ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਖ਼ਬਰ ਨਹੀਂ ਮਿਲੀ।
ਪਰ ਕੁਝ ਥਾਵਾਂ ‘ਤੇ ਬੂਥ ਕੈਪਚਰਿੰਗ ਅਤੇ ਧਾਂਦਲੀ ਦੀਆਂ ਸ਼ਿਕਾਇਤਾਂ ਤੇ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ, ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਵਿੱਚ ਚੋਣਾਂ ਮੁੜ ਕਰਵਾਉਣ ਦੇ ਹੁਕਮ ਦਿੱਤੇ ਹਨ।
ਮੁੜ ਪੋਲਿੰਗ ਵਾਲੀਆਂ ਥਾਵਾਂ ਹਨ:
- ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਅਟਾਰੀ ਵਿੱਚ ਜ਼ੋਨ 08 (ਖਾਸਾ, ਬੂਥ 52-55) ਅਤੇ ਜ਼ੋਨ 17 (ਵਰਪਾਲ ਕਲਾਂ, ਬੂਥ 90,91,93-95)।
- ਬਰਨਾਲਾ ਜ਼ਿਲ੍ਹੇ ਦੇ ਬਲਾਕ ਚੰਨਣਵਾਲ ਵਿੱਚ ਜ਼ੋਨ 04, ਪਿੰਡ ਰਾਏਸਰ ਪਟਿਆਲਾ (ਬੂਥ 20)।
- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਕੋਟ ਭਾਈ ਅਤੇ ਗਿੱਦੜਬਾਹਾ ਵਿੱਚ ਪਿੰਡ ਬਬਾਣੀਆਂ (ਬੂਥ 63-64) ਅਤੇ ਪਿੰਡ ਮਧੀਰ (ਬੂਥ 21-22)।
- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨ੍ਹੀਆ (ਪੋਲਿੰਗ ਸਟੇਸ਼ਨ 124)।
- ਜਲੰਧਰ ਜ਼ਿਲ੍ਹੇ ਦੇ ਪੰਚਾਇਤ ਸੰਮਤੀ ਭੋਗਪੁਰ ਵਿੱਚ ਜ਼ੋਨ 04 (ਬੂਥ 72)।
ਇਹ ਮੁੜ ਪੋਲਿੰਗ 16 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਅਤੇ ਗਿਣਤੀ 17 ਦਸੰਬਰ ਨੂੰ ਆਮ ਗਿਣਤੀ ਨਾਲ ਕੀਤੀ ਜਾਵੇਗੀ। ਇਸ ਫ਼ੈਸਲੇ ਦਾ ਕਾਰਨ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਬੂਥ ਕੈਪਚਰਿੰਗ ਤੇ ਧਾਂਦਲੀ ਦੇ ਵਿਰੋਧ ਅਤੇ ਸ਼ਿਕਾਇਤਾਂ ਹਨ। ਅਕਾਲੀ ਦਲ ਨੇ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਪ੍ਰਭਾਵਿਤ ਥਾਵਾਂ ‘ਤੇ ਚੋਣਾਂ ਰੱਦ ਕੀਤੀਆਂ ਜਾਣ।

