ਦਿੱਲੀ : ਭਾਰਤ ਦੇ ਕੇਂਦਰੀ ਬੈਂਕ (ਭਾਰਤੀ ਰਿਜ਼ਰਵ ਬੈਂਕ) ਨੇ ਸਥਾਨਕ ਬੈਂਕਾਂ ਨਿਰਦੇਸ਼ ਦਿੰਦਿਆਂ ਉਨ੍ਹਾਂ ਵਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਕਰਜ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ।
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਅਡਾਨੀ ਐਂਟਰਪ੍ਰਾਈਜਿਜ਼ ਮਾਮਲੇ ‘ਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਚਰਚਾ ਅਤੇ ਨਾਲ ਹੀ ਇਸ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕਾਇਮ ਕਰਨ ਦੀ ਵੀ ਮੰਗ ਕੀਤੀ, ਜਾਂ ਫਿਰ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
ਕਾਰੋਬਾਰੀ ਗੌਤਮ ਅਡਾਨੀ ਨੇ ਕਿਹਾ ਕਿ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਕਾਰਨ ਉਨ੍ਹਾਂ ਦੀ ਸਮੂਹ ਫਲੈਗਸ਼ਿਪ ਕੰਪਨੀ ਨੇ ਫਾਲੋਆਨ ਪਬਲਿਕ ਆਫਰਿੰਗ (ਐੱਫਪੀਓ) ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ। ਪਿਛਲੇ ਹਫਤੇ ‘ਹਿੰਡਨਬਰਗ ਰਿਸਰਚ’ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਅਰਬਾਂ ਡਾਲਰ ਦੀ ਗਿਰਾਵਟ ਆਈ ਹੈ। ਅਡਾਨੀ ਐਂਟਰਪ੍ਰਾਈਜਿਜ਼ ਨੇ ਬੁੱਧਵਾਰ ਨੂੰ ਆਪਣੀ 20,000 ਕਰੋੜ ਰੁਪਏ ਦੀ ਫਾਲੋਆਨ ਪਬਲਿਕ ਪੇਸ਼ਕਸ਼ (ਐੱਫਪੀਓ) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ।
ਕੰਪਨੀ ਨੇ ਕਿਹਾ ਸੀ ਕਿ ਨਿਵੇਸ਼ਕਾਂ ਦਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ 26.70 ਫੀਸਦੀ ਡਿੱਗ ਕੇ 2179.75 ‘ਤੇ ਬੰਦ ਹੋਏ ਸਨ। ਇਹੀ ਕਾਰਨ ਸੀ ਕਿ ਅਡਾਨੀ ਸਮੂਹ ਨੇ ਐੱਫਪੀਓ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਅਡਾਨੀ ਗਰੁੱਪ ‘ਤੇ ਹਿੰਡਨਬਰਗ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਆਈ ਹੈ।