Punjab

ਰਾਵਤ ਨੇ ਪੰਜ ਪਿਆਰਿਆਂ ਪ੍ਰਤੀ ਵਰਤੇ ਸ਼ਬਦਾਂ ਦੀ ਖਿਮਾ ਯਾਚਨਾ ਲਈ ਤਨਖ਼ਾਹ ਲਵਾਉਣ ਦੀ ਕੀਤੀ ਪੇਸ਼ਕਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਡੂੰਘੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਵੱਲੋਂ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਦੇ ਨਾਲ ਕਰਨ ਤੋਂ ਬਾਅਦ ਉਨ੍ਹਾਂ ‘ਤੇ ਹਮਲਿਆਂ ਦੀ ਬੁਛਾੜ ਸ਼ੁਰੂ ਹੋ ਗਈ ਹੈ। ਹਰੀਸ਼ ਰਾਵਤ, ਜਿਹੜੇ ਕਿ ਕੱਲ੍ਹ ਕੈਪਟਨ-ਸਿੱਧੂ ਵਿਵਾਦ ਖ਼ਤਮ ਕਰਨ ਲਈ ਚੰਡੀਗੜ੍ਹ ਆਏ ਸਨ, ਨੇ ਕਹਿ ਦਿੱਤਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਾਰ ਵਰਕਿੰਗ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਪੰਜ ਪਿਆਰਿਆਂ ਦੀ ਤਰ੍ਹਾਂ ਕੰਮ ਕਰਨਗੇ। ਉਨ੍ਹਾਂ ਨੇ ਮਾਮਲਾ ਭਖਣ ਤੋਂ ਬਾਅਦ ਆਪਣੀ ਗੱਲ ‘ਤੇ ਪੋਚਾ ਮਾਰਨ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਵਿਵਾਦ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ।

ਪੰਜ ਪਿਆਰਿਆਂ ਵਾਲੇ ਬਿਆਨ ‘ਤੇ ਹਰੀਸ਼ ਰਾਵਤ ਨੇ ਟਵੀਟ ਰਾਹੀਂ ਮੁਆਫੀ ਮੰਗ ਲਈ ਹੈ। ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਦੁਆਰਾ ਰਾਵਤ ਨੂੰ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਸੀ। ਰਾਵਤ ਨੇ ਟਵੀਟ ਕਰਦਿਆਂ ਲਿਖਿਆ ਕਿ, “ਕਦੇ ਕਦੇ ਕਿਸੇ ਦਾ ਆਦਰ ਸਨਮਾਨ ਕਰਦਿਆਂ ਅਜਿਹੇ ਸ਼ਬਦਾਂ ਦੀ ਵਰਤੋਂ ਹੋ ਜਾਂਦੀ ਹੈ, ਜਿਹੜੇ ਅਪਮਾਨਜਨਕ ਹੁੰਦੇ ਹਨ। ਮੇਰੇ ਕੋਲੋਂ ਵੀ ਕੱਲ੍ਹ ਪੰਜਾਬ ਕਾਂਗਰਸ ਦੇ ਪ੍ਰਧਾਨਾਂ ਬਾਬਤ ਗੱਲ ਕਰਦਿਆਂ ਪੰਜ ਪਿਆਰਿਆਂ ਦਾ ਨਾਂ ਵਰਤ ਕੇ ਗਲਤੀ ਹੋਈ ਹੈ, ਇਸ ਲਈ ਲੋਕਾਂ ਜੇ ਮਨਾਂ ਨੂੰ ਪਹੁੰਚੀ ਠੇਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਝਾੜੂ ਫੇਰਨ ਦੀ ਤਨਖ਼ਾਹ ਲਵਾਉਣ ਦੀ ਪੇਸ਼ਕਸ਼ ਵੀ ਕੀਤੀ ਹੈ। ਉਨ੍ਹਾਂ ਨੇ ਅਨਭੋਲ ਵਰਤੇ ਸ਼ਬਦਾਂ ਲਈ ਖ਼ਿਮਾ ਦੀ ਯਾਚਨਾ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਹਰੀਸ਼ ਰਾਵਤ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਰਾਵਤ ਨੂੰ ਸਿੱਖ ਸੰਗਤ ਤੋਂ ਆਪਣੇ ਸ਼ਬਦ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਲਈ ਕਿਹਾ। ਚੀਮਾ ਨੇ ਪੰਜਾਬ ਸਰਕਾਰ ਨੂੰ ਵੀ ਉਸਦੇ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਵਿੱਚ ਪੰਜ ਪਿਆਰਿਆਂ ਦਾ ਬਹੁਤ ਵੱਡਾ ਰੁਤਬਾ ਹੈ। ਇਹ ਕੋਈ ਮਜ਼ਾਕ ਦੀਆਂ ਗੱਲਾਂ ਨਹੀਂ ਹਨ। ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਇਸ ਤਰ੍ਹਾਂ ਦੇ ਤਖੱਲਸ ਵਰਤਣੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖ਼ਿਲਵਾੜ ਕਰਨਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਵਤ ਨੇ ਚਾਪਲੂਸੀ ਕਰਨ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸਦੀ ਮੈਂ ਨਿੰਦਾ ਕਰਦਾ ਹਾਂ। ਸਿਰਸਾ ਨੇ ਰਾਵਤ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਮੁਆਫ਼ੀ ਨਾ ਮੰਗੇ ਜਾਣ ‘ਤੇ ਸਰਕਾਰ ਉਸ ਖ਼ਿਲਾਫ਼ ਪਰਚਾ ਦਰਜ ਕਰੇ। ਦੱਸਣਾ ਜ਼ਰੂਰੀ ਹੈ ਕਿ ਹਰੀਸ਼ ਰਾਵਤ ਆਪਣੇ ਵਿਚਾਰ ਲਈ ਪਹਿਲਾਂ ਹੀ ਖਿਮਾ ਯਾਚਨਾ ਕਰ ਚੁੱਕੇ ਹਨ।

ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਰਾਵਤ ਦੇ ਬਿਆਨ ‘ਤੇ ਪਰਦਾ ਪਾਉਂਦਿਆਂ ਕਿਹਾ ਕਿ ਜੋ ਆਪਣੇ ਹੁੰਦੇ ਹਨ, ਉਹ ਪਿਆਰੇ ਹੀ ਹੁੰਦੇ ਹਨ। ਰਾਵਤ ਹਮੇਸ਼ਾ ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਅਗਰ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਉਹ ਅੱਗੇ ਤੋਂ ਧਿਆਨ ਰੱਖਣਗੇ ਅਤੇ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਸ਼ਬਦ ਕਦੇ ਵੀ ਨਹੀਂ ਕਹਿਣੇ ਚਾਹੀਦੇ, ਜਿਸ ਨਾਲ ਕਿਸੇ ਨੂੰ ਬੁਰਾ ਲੱਗੇ।