ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬੰਦੀ ਸਿੰਘਾਂ ਬਾਰੇ ਦਿੱਤੇ ਗਏ ਬਿਆਨ ’ਤੇ ਪੰਜਾਬ ਦੀ ਸਿਆਸਤ ਭਖ ਗਈ ਹੈ। ਇਸ ਸਬੰਧੀ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੇ ਇਸ ਬਿਆਨ ਸਵਾਲ ਖੜ੍ਹੇ ਕੀਤੇ ਹਨ ਤੇ ਉੱਧਰ ਅਕਾਲੀ ਦਲ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਵੀ ਕਿਹਾ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਬਿੱਟੂ ਦੇ ਬਿਆਨ ਬਦਲਦੇ ਰਹਿੰਦੇ ਹਨ।
ਦਰਅਸਲ ਬਿਟੂ ਨੇ ਕਿਹਾ ਹੈ ਕਿ ਬਲਵੰਤ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਵਿਰੋਧ ਨਹੀਂ ਕਰਨਗੇ। ਇਸ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਕਿਤੇ ਵੀ ਕੁਝ ਵੀ ਕਹਿ ਸਕਦੇ ਹਨ। ਰਾਜਾ ਵੜਿੰਗ ਨੇ ਦੱਸਿਆ ਕਿ ਬਿੱਟੂ ਨੇ ਕਾਂਗਰਸ ਤਾਂ ਛੱਡੀ ਸੀ ਕਿਉਂਕਿ ਰਾਹੁਲ ਗਾਂਧੀ ਨੇ ਬਿੱਟੂ ਨੂੰ ਕਿਹਾ ਸੀ ਕਿ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਹੈ, ਤੁਸੀਂ ਵੀ ਉਨ੍ਹਾਂ ਨੂੰ ਮੁਆਫ਼ ਕਰ ਦਿਓ। ਇਸ ’ਤੇ ਬਿੱਟੂ ਇਸ ਗੱਲ ਤੇ ਰਾਜੀ ਨਹੀਂ ਹੋੲ ਸਨ, ਇਸ ਕਾਰਨ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਪਰ ਹੁਣ ਬਿੱਟੂ ਖ਼ੁਦ ਭਾਜਪਾ ਵਿੱਚ ਸ਼ਾਮਲ ਹੋ ਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਨ, ਇਸ ਲਈ ਬਿੱਟੂ ਨੂੰ ਕਿਤੇ ਨਾ ਕਿਤੇ ਸਟੈਂਡ ਲੈਣਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਜਿੱਥੋਂ ਤੱਕ ਬੰਦੀ ਸਿੰਘਾਂ ਦਾ ਸਵਾਲ ਹੈ, ਜੇ ਕਾਨੂੰਨ ਅਨੁਸਾਰ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਸੂਬੇ ਵਿੱਚ ਬੰਦੀ ਸਿੰਘਾਂ ਦੇ ਨਾਂ ’ਤੇ ਹੋ ਰਹੀ ਸਿਆਸਤ ਬੰਦ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਦੀਆਂ ਗੱਲਾਂ ਅਜੇ ਵੀ ਸ਼ੱਕੀ ਹਨ।
ਬਿੱਟੂ ਬਿਆਨ ’ਤੇ ਵਿਰਸਾ ਸਿੰਘ ਵਲਟੋਹਾ
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਬਿੱਟੂ ਦੇ ਬਿਆਨ ’ਤੇ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਆਪਣੇ ਬਿਆਨ ਬਦਲਦੇ ਰਹਿੰਦੇ ਹਨ। ਦੋ ਦਿਨ ਪਹਿਲਾਂ ਉਹ ਕਹਿ ਰਹੇ ਸੀ ਕਿ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾਉਣ ਵਿੱਚ ਮੈਂ ਆਪਣਾ ਯੋਗਦਾਨ ਪਾਵਾਂਗਾ, ਤੇ ਅੱਜ ਕਹਿ ਰਹੇ ਹਨ ਕਿ ਜੇ ਕੇਂਦਰ ਸਰਕਾਰ ਚਾਹੇਗੀ ਤਾਂ ਮੈਂ ਵਿੱਚ ਅੜਿੱਕਾ ਨਹੀਂ ਬਣਾਂਗਾ। ਜੇ ਸਰਕਾਰ ਚਾਹੇਗੀ ਵੀ, ਤਾਂ ਵੀ ਇਹ ਅੜਿੱਕਾ ਨਹੀਂ ਬਣ ਸਕਦੇ।
ਇੱਕ ਟੀਵੀ ਚੈਨਲ ’ਤੇ ਬਿਆਨ ਦਿੰਦਿਆਂ ਵਲਟੋਹਾ ਨੇ ਕਿਹਾ ਕਿ ਬਿੱਟੂ ਜੇ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਵੀ ਕਰਦੇ ਰਹੇ ਹਨ ਤਾਂ ਇਨ੍ਹਾਂ ਦਾ ਵਿਰੋਧ ਅਰਥਹੀਣ ਹੈ, ਕਿਉਂਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨਾਲ ਹੁਣ ਬੇਇਨਸਾਫ਼ੀਆਂ ਹੋ ਰਹੀਆਂ ਹਨ, ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਦੇਸ਼ ਅੰਦਰ ਪੋਲਰਾਈਜ਼ੇਸ਼ਨ ਹੋ ਗਈ ਹੈ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਨਹੀਂ ਇਤਰਾਜ਼
ਉੱਧਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਜੇ ਬੰਦੀ ਸਿੰਘਾਂ ਨੂੰ ਸਰਕਾਰ ਰਿਹਾਅ ਕਰਨਾ ਚਾਹੁੰਦੀ ਹੈ ਤਾਂ ਸਾਨੂੰ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਨੂੰ ‘ਭਾਈ’ ਕਹਿਣਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਇਨ੍ਹਾਂ ਨੇ ਕੋਈ ਚੰਗੇ ਕੰਮ ਨਹੀਂ ਕੀਤੇ ਹੋਏ। ਇਨ੍ਹਾਂ ਨੂੰ ਭਾਈ ਕਹਿਣਾ ਇਹ ਗੱਲ ਨੂੰ ਹਵਾ ਦਿੰਦਾ ਹੈ ਕਿ ਇਹ ਲੋਕ ਬਾਹਰ ਆ ਕੇ ਫਿਰ ਉਨ੍ਹਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ।
ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਜਮਹੂਰੀਅਤ ਤਰੀਕੇ ਨਾਲ ਜੇ ਕੋਈ ਅਮਨ ਕਾਨੂੰਨ ਦੀ ਜ਼ਿੰਦਗੀ ਜੀਊਣਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਉਹ ਪੁਰਾਣੀਆਂ ਗੱਲਾਂ ਦੁਹਰਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਤਾਂ ਫਿਰ ਗੱਲ ਵਿੱਚ-ਵਿਚਾਲੇ ਅਟਕ ਜਾਂਦੀ ਹੈ।