India Punjab

ਬੰਦੀ ਸਿੰਘਾਂ ਤੇ ਰਾਜੋਆਣਾ ਦੀ ਰਿਹਾਈ ’ਤੇ ਬਿੱਟੂ ਨੇ ਬਦਲਿਆ ਸਟੈਂਡ! “ਮੈਂ ਕਰਾਵਾਂਗਾ ਸਜ਼ਾ ਮੁਆਫ਼!” ਜਾਣੋ ਬਿੱਟੂ ਦੇ ਬਦਲੇ ਸੁਰ ਪਿੱਛੇ 2 ਵਜ੍ਹਾ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਮੋਦੀ ਕੈਬਨਿਟ ਵਿੱਚ ਰਾਜ ਮੰਤਰੀ ਬਣਨ ਤੋਂ ਬਾਅਦ ਬੰਦੀ ਸਿੰਘਾਂ ਨੂੰ ਲੈ ਕੇ, ਖ਼ਾਸ ਕਰਕੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਸੁਰ ਢਿੱਲੇ ਪੈ ਗਏ ਹਨ। ਪਹਿਲੀ ਵਾਰ ਬਿੱਟੂ ਨੇ ਕਿਹਾ ਹੈ ਕਿ ਜੇਕ ਕੇਂਦਰ ਸਰਕਾਰ ਰਾਜੋਆਣਾ ਨੂੰ ਜੇਲ੍ਹ ਤੋਂ ਰਿਹਾਅ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਜਦਕਿ ਤਕਰੀਬਨ 6 ਮਹੀਨੇ ਪਹਿਲਾਂ ਜਦੋਂ ਪਾਰਲੀਮੈਂਟ ਵਿੱਚ ਨਵੇਂ ਕ੍ਰਿਮਿਨਲ ਲਾਅ ਨੂੰ ਲੈ ਕੇ ਬਹਿਸ ਹੋ ਰਹੀ ਸੀ ਤਾਂ ਉਨ੍ਹਾਂ ਨੇ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਬੰਦੀ ਸਿੰਘ ਖ਼ਾਸ ਕਰਕੇ ਰਾਜੋਆਣਾ ਦੀ ਰਿਹਾਈ ਦਾ ਵਿਰੋਧ ਕੀਤਾ ਸੀ।

ਸਿਰਫ਼ ਇੰਨਾ ਹੀ ਨਹੀਂ ਲੁਧਿਆਣਾ ਤੋਂ ਜਦੋਂ ਬਿੱਟੂ ਬੀਜੇਪੀ ਦੀ ਟਿਕਟ ‘ਤੇ ਉਮੀਦਵਾਰ ਸਨ ਤਾਂ ਵੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਕਾਂਗਰਸ ਉਨ੍ਹਾਂ ‘ਤੇ ਬੰਦੀ ਸਿੰਘਾਂ ਖ਼ਾਸ ਕਰਕੇ ਰਾਜੋਆਣਾ ਨੂੰ ਮੁਆਫ਼ ਕਰਨ ਦਾ ਦਬਾਅ ਪਾ ਰਹੀ ਸੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਸੀ। ਬਿੱਟੂ ਦੇ ਇਸ ਬਦਲੇ ਸਟੈਂਡ ਪਿੱਛੇ ਉਨ੍ਹਾਂ ਦੀ ਆਪਣੀ ਅਤੇ ਬੀਜੇਪੀ ਦਾ ਵੱਡਾ ਸਿਆਸੀ ਰਣਨੀਤੀ ਹੈ।

ਹਿੰਦੂਸਤਾਨ ਟਾਈਮਸ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਜਦੋਂ ਰਵਨੀਤ ਸਿੰਘ ਬਿੱਟੂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਪੰਜਾਬ ਵਿੱਚ ਉੱਠ ਰਹੀਆਂ ਅਵਾਜ਼ਾਂ ਬਾਰੇ ਬਿੱਟੂ ਦਾ ਸਟੈਂਡ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਜਿਹੜੇ ਸਿੱਖ ਕੈਦੀ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਛੱਡ ਦਿੱਤਾ ਜਾਣਾ ਚਾਹੀਦਾ ਹੈ। ਜੇ ਜ਼ਰੂਰਤ ਪਈ ਤਾਂ ਮੈਂ ਉਨ੍ਹਾਂ ਦੀ ਰਿਹਾਈ ਦੇ ਲਈ ਖੜਾ ਹੋਵਾਂਗਾ।

ਜਦੋਂ ਬਿੱਟੂ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਪੁੱਛਿਆ ਗਿਆ ਤਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇ ਕੇਂਦਰ ਇਸ ‘ਤੇ ਵਿਚਾਰ ਕਰ ਰਹੀ ਹੈ ਤਾਂ ਮੈਂ ਇਸ ਦਾ ਵਿਰੋਧ ਨਹੀਂ ਕਰਾਂਗਾ, ਮੈਂ ਆਪਣੇ ਪਰਿਵਾਰ ਦੇ ਨਾਲ ਇਸ ਮਸਲੇ ‘ਤੇ ਗੱਲ ਕਰ ਲਈ ਹੈ ਅਤੇ ਉਨ੍ਹਾਂ ਨੂੰ ਮਨਾ ਲਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਅੱਗੇ ਵਧਣ ਦਾ, ਮੇਰਾ ਪਰਿਵਾਰ ਪੰਜਾਬ ਦੀ ਸ਼ਾਂਤੀ ਦੇ ਲਈ ਤਿਆਗ ਕਰਨ ਨੂੰ ਤਿਆਰ ਹੈ।

ਬਿੱਟੂ ਨੇ ਕਿਉਂ ਬਦਲਿਆ ਸਟੈਂਡ?

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦਾ ਸਟੈਂਡ ਵਾਰ-ਵਾਰ ਬਦਲ ਦਾ ਰਹਿੰਦਾ ਹੈ। ਪਹਿਲੇ ਕਿਸਾਨ ਅੰਦੋਲਨ ਦੌਰਾਨ ਬਿੱਟੂ ਨੇ ਦਾਅਵਾ ਕੀਤਾ ਸੀ ਕਿ ਜੇ ਤਿੰਨ ਕਾਨੂੰਨ ਮੋਦੀ ਸਰਕਾਰ ਵਾਪਸ ਲੈ ਲੈਂਦੀ ਹੈ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਰਾਜੋਆਣਾ ਦੀ ਰਿਹਾਈ ਲਈ ਹਾਮੀ ਭਰ ਦੇਣਗੇ। ਪਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਕਾਨੂੰਨ ਵਾਪਸ ਲੈ ਲਏ ਤਾਂ ਬਿੱਟੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਆਪਣੇ ਵਾਅਦੇ ਤੋਂ ਪਿੱਛੇ ਹੱਟ ਗਏ ਹਨ।

ਰਵਨੀਤ ਸਿੰਘ ਬਿੱਟੂ ਵਿੱਚ ਬੀਜੇਪੀ ਨੂੰ ਭਵਿੱਖ ਦਾ ਆਗੂ ਨਜ਼ਰ ਆ ਰਿਹਾ ਹੈ ਇਸੇ ਲਈ ਉਨ੍ਹਾਂ ਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਇਆ ਗਿਆ। ਬਿੱਟੂ ਆਪ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਜਤਾ ਚੁੱਕੇ ਹਨ। ਸਿੱਖ ਵੋਟਰ ਦੇ ਬਿਨਾਂ ਇਹ ਮੁਮਕਿਨ ਨਹੀਂ ਹੈ, ਇਸੇ ਲਈ ਰਵਨੀਤ ਬਿੱਟੂ ਦੇ ਸੁਰ ਹੁਣ ਬੰਦੀ ਸਿੰਘਾਂ ਦੇ ਮੁੱਦੇ ‘ਤੇ ਢਿੱਲੇ ਪੈ ਗਏ ਹਨ, ਰਾਜੋਆਣਾ ਦੀ ਰਿਹਾਈ ਦਾ ਹਰ ਵਾਰ ਵਿਰੋਧ ਕਰਨ ਵਾਲੇ ਬਿੱਟੂ ਹੁਣ ਰਿਹਾਈ ਦੀ ਹਮਾਇਤ ਕਰ ਰਹੇ ਹਨ।