Punjab

ਅੰਮ੍ਰਿਤਪਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਰਵਨੀਤ ਬਿੱਟੂ

ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਇਹ ਬਿਆਨ MP ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਤਾ ਗਿਆ ਹੈ। ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ  ਨੇ ਕਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਐਨ ਐਸ ਏ ਤਹਿਤ ਬੰਦ ਖਡੂਰ ਸਾਹਿਬ ਤੋਂ ਨਵਨਿਯੁਕਤ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।

ਕੇਂਦਰ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਇਕ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਾਂਗਾ ਅਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਉਨ੍ਹਾਂ ਕੀ ਰਣਨੀਤੀ ਹੈ, ਉਸ ਬਾਰੇ ਗੱਲ ਕਰਾਂਗਾ। ਮੈਂ ਇਹ ਜਾਣਨਾ ਚਾਹਾਂਗਾ ਕਿ ਅੰਮ੍ਰਿਤਪਾਲ ਦੇ ਪਰਿਵਾਰ ਦੀ ਉਨ੍ਹਾਂ ਨਾਲ ਕੀ ਗੱਲ ਹੁੰਦੀ ਹੈ। ਇਸ ਬਾਰੇ ਚਰਚਾ ਕਰਾਂਗਾ।

ਬਿੱਟੂ ਨੇ ਕਿਹਾ ਕਿ  ਮੈਂ ਪੰਜਾਬ ਦੇ ਕਿਸੇ ਮਸਲੇ ‘ਚ ਰੋੜਾ ਨਹੀਂ ਬਣਾਂਗਾ। ਬਿੱਟੂ ਨੇ ਅੱਗੇ ਕਿਹਾ ਕਿ ਮੈਂ  ਪੰਜਾਬ ਦੇ ਮਸਲੇ ਹੱਲ ਕਰਨ ਲਈ ਭਾਜਪਾ ਜੁਆਇਨ ਕੀਤੀ ਹੈ।  ਮੈਂ ਕੇਂਦਰ ਨਾਲ ਪੰਜਾਬੀਆਂ ਦੀ ਕੁੜੱਤਣ ਖ਼ਤਮ ਕਰਨਾ ਚਾਹੁੰਦਾ ਹਾਂ। ਜੇ ਲੋਕ ਚਾਹੁੰਦੇ ਹਨ ਤਾਂ ਮੈਂ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਚੁੱਕਾਂਗਾ। ਮੈਂ ਪੰਜਾਬ ਦੇ ਹਰ ਮਸਲੇ ਨੂੰ ਕੇਂਦਰ ਅੱਗੇ ਰੱਖਾਂਗਾ । ਮੈਂ ਹੁਣ ਸਰਕਾਰ  ਵਿੱਚਚ ਹਾਂ, ਮੈਂ ਹਰ  ਇੱਕ ਦੀ ਗੱਲ ਸੁਣਾਂਗਾ।

ਇਸ ਤੋਂ ਪਹਿਲਾਂ ਬੀਤੇ ਦਿਨ  ਰਵਨੀਤ ਬਿੱਟੂ ਦਾ ਇਕ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੋਈ ਪਲਾਨ ਹੈ ਤਾਂ ਮੈਂ ਉਸ ਫੈਸਲੇ ਦਾ ਵਿਰੋਧ ਨਹੀਂ ਕਰਾਂਗਾ। ਦੱਸ ਦਈਏ ਕਿ ਰਵਨੀਤ ਬਿੱਟੂ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਰਹੇ ਹਨ। ਦਰਅਸਲ ਹਵਾਰਾ ਕਮੇਟੀ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਨਵੇਂ ਬਣੇ ਕੇਂਦਰੀ ਮੰਤਰੀ ਮੰਡਲ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਰ ਲਟਕ ਜਾਵੇਗਾ।