ਚੰਡੀਗੜ੍ਹ : ਰਵਨੀਤ ਬਿੱਟੂ ਨੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ‘ਰਾਹੁਲ ਗਾਂਧੀ ਸੰਸਦ ਮੈਂਬਰ ਹਨ ਅਤੇ ਅੱਜ ਉਹ ਦੇਸ਼ ‘ਚ ਵਿਰੋਧੀ ਧਿਰ ਦੇ ਨੇਤਾ ਹਨ, ਪਰ ਪੱਪੂ ਪੱਪੂ ਹੀ ਰਿਹਾ। ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ ਵਿੱਚ ਖੇਡ ਰਿਹਾ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, ‘ਕਾਂਗਰਸ ਪ੍ਰਧਾਨ ਖੜਗੇ ਸਾਹਬ ਜੇਕਰ ਮੈਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਲੀਡਰ ਪੱਪੂ ਨੂੰ ਸਮਝਾਉਣ ਤਾਂ ਚੰਗਾ ਹੋਵੇਗਾ, ਉਹ ਲਗਾਤਾਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਕਰਦੇ ਹਨ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਦੇ ਸਾਂਸਦ ਰਾਹੁਲ ਗਾਂਧੀ ਦਾ ਪਰਿਵਾਰ ਸਿੱਖਾਂ ‘ਤੇ ਹਮਲਿਆਂ ਲਈ ਜਾਣਿਆ ਜਾਂਦਾ ਹੈ, ਜਿੱਥੇ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ ‘ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ।
ਬਿੱਟੂ ਨੇ ਅੱਗੇ ਕਿਹਾ, ‘ਮੈਂ ਨੇਤਾ ਹੋਣ ਦੇ ਨਾਤੇ ਰਾਹੁਲ ਗਾਂਧੀ ਬਾਰੇ ਅਜਿਹਾ ਨਹੀਂ ਕਿਹਾ ਹੈ। ਸਗੋਂ ਸਿੱਖ ਹੋਣ ਕਰਕੇ ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਜੇਕਰ ਇਸ ਮਾਮਲੇ ਨੂੰ ਲੈ ਕੇ ਮੇਰੇ ਖਿਲਾਫ ਐਫਆਈਆਰ ਦਰਜ ਕੀਤੀ ਜਾਂਦੀ ਹੈ ਤਾਂ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਅਕਸਰ ਸਿੱਖਾਂ ਖਿਲਾਫ ਬੋਲਦੇ ਰਹੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੀਐੱਮ ਮੋਦੀ ਨੂੰ ਲਿਖੇ ਪੱਤਰ ‘ਚ ਕਿਹਾ ਕਿ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਅਤੇ ਤੁਹਾਡੇ ਸਹਿਯੋਗੀਆਂ ਦੇ ਨੇਤਾਵਾਂ ਵੱਲੋਂ ਵਰਤੀ ਗਈ ਹਿੰਸਕ ਭਾਸ਼ਾ ਭਵਿੱਖ ਲਈ ਘਾਤਕ ਹੈ। ਦੁਨੀਆਂ ਹੈਰਾਨ ਹੈ ਕਿ ਕੇਂਦਰ ਸਰਕਾਰ ਵਿੱਚ ਰੇਲ ਰਾਜ ਮੰਤਰੀ, ਭਾਜਪਾ ਸ਼ਾਸਤ ਉੱਤਰ ਪ੍ਰਦੇਸ਼ ਦੇ ਮੰਤਰੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ “ਨੰਬਰ ਵਨ ਅੱਤਵਾਦੀ” ਕਹਿ ਰਹੇ ਹਨ।