Punjab

ਕਿਰਨਦੀਪ ਦੇ ਹੱਕ ‘ਚ ਬੋਲਣ ‘ਤੇ ਬਿੱਟੂ ਦੇ ਜਥੇਦਾਰ ਸਾਹਬ ਖਿਲਾਫ ਵਿਗੜੇ ਬੋਲ ! ਅਕਾਲੀ ਦਲ ਨੇ ਕਰਾਰਾ ਜਵਾਬ ਦਿੱਤਾ!

ਚੰਡੀਗੜ੍ਹ : ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਹੱਕ ਵਿੱਚ ਬੋਲਣ ‘ਤੇ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ । ਉਨ੍ਹਾਂ ਇਲਜ਼ਾਮ ਲਾਇਆ ਕਿ ਜਥੇਦਾਰ ਸਾਹਬ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਨਹੀਂ ਬੋਲਦੇ, ਪਰ ਡਿਬਰੂਗੜ੍ਹ ਜੇਲ੍ਹ ‘ਚ ਬੰਦ ਮੁਲਜ਼ਮਾਂ ਨੂੰ ਬਚਾਉਣ ਲਈ ਵਕੀਲ ਵੀ ਭੇਜ ਦਿੱਤੇ ਨੇ,ਇੰਨਾ ਹੀ ਨਹੀਂ ਬਿੱਟੂ ਨੇ ਕਿਹਾ ਜਥੇਦਾਰ ਸਾਹਿਬ ਤੁਹਾਨੂੰ ਬਚਾਉਣ ਵਾਲੇ ਫੌਜੀ ਹੀ ਹਨ,ਜੇਕਰ ਫੌਜੀ ਨਾ ਹੋਣ ਤਾਂ ਤੁਹਾਨੂੰ ਚੀਨ ਅਤੇ ਪਾਕਿਸਤਾਨ ਵਾਲੇ ਚੁੱਕ ਕੇ ਲੈ ਜਾਣਗੇ। ਕਾਂਗਰਸੀ ਐੱਮਪੀ ਨੇ ਇਹ ਸਵਾਲ ਵੀ ਕੀਤਾ ਕਿ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਫੋਟੋਆਂ ਦਰਬਾਰ ਸਾਹਿਬ ਵਿਖੇ ਕਿਉਂ ਨਹੀਂ ਲਾਈਆਂ ਜਾਂਦੀਆਂ, ਸ਼ਹੀਦਾਂ ਨਾਲ ਪੱਖਪਾਤ ਕਿਉਂ ਕਰਦੇ ਹੋ, ਸ਼ਹੀਦ ਫੌਜੀਆਂ ਦੇ ਘਰ ਕਿਉਂ ਨਹੀਂ ਜਾਂਦੇ ਹੋ, SGPC ਵਾਲੇ ਕਿਉਂ ਨਹੀਂ ਮਦਦ ਕਰਦੇ ਹਨ ।

ਵਿਰਸਾ ਸਿੰਘ ਵਲਟੋਹਾ ਨੇ ਬਿੱਟੂ ਨੂੰ ਜਵਾਬ ਦਿੱਤਾ

ਜਥੇਦਾਰ ਨੇ ਭਾਵੇਂ ਬਿੱਟੂ ਦੀ ਇਸ ਬਿਆਨਬਾਜ਼ੀ ਨੂੰ ਕੋਈ ਤਵੱਜੋਂ ਨਹੀਂ ਦਿੱਤੀ ਪਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਦਾ ਜਵਾਬ ਦਿੱਤਾ ਹੈ। ਵਲਟੋਹਾ ਨੇ ਕਿਹਾ ਜਥੇਦਾਰ ਸਾਹਿਬ ਨੂੰ ਰਵਨੀਤ ਬਿੱਟੂ ਨਸੀਹਤ ਨਾ ਦੇਣ ਇਹ ਸਿੱਖ ਮਰਿਆਦਾ ਦੀ ਉਲੰਘਣਾ ਹੈ । ਜੇਕਰ ਅੰਮ੍ਰਿਤਪਾਲ ਸਿੰਘ ਨੇ ਕੋਈ ਜੁਰਮ ਕੀਤਾ ਹੈ ਤਾਂ ਜ਼ਰੂਰ ਫੜੋ ਪਰ ਤੁਸੀਂ 18 ਮਾਰਚ ਨੂੰ ਘਰੋ ਫੜਨ ਦੀ ਥਾਂ ਰਸਤੇ ਵਿੱਚ ਫੜਨ ਦੀ ਸਾਜਿਸ਼ ਰਚੀ ਉਸ ਤੋਂ ਬਾਅਦ ਨੌਜਵਾਨ ਸਿੱਖਾਂ ਨੂੰ ਫੜਿਆ ਜਾ ਰਿਹਾ ਹੈ, ਹੁਣ ਵੀ ਨੌਵਜਾਨਾਂ ਨੂੰ ਫੋਟੋ ਸ਼ੇਅਰ ਕਰਨ ‘ਤੇ ਫੜਿਆ ਜਾ ਰਿਹਾ ਹੈ,ਇਨ੍ਹਾਂ ਨੇ ਤਾਂ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ। ਤੁਸੀਂ ਕਿਰਨਦੀਪ ਕੌਰ ਨੂੰ ਕਿਸ ਜੁਰਮ ‘ਚ ਰੋਕ ਰਹੇ ਹੋ, ਉਹ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ਦਾ ਗੁਨਾਹ ਸਿਰਫ ਇਨ੍ਹਾਂ ਹੀ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ । ਵਲਟੋਹਾ ਨੇ ਪੁੱਛਿਆ ਕਿ ਜਥੇਦਾਰ ‘ਤੇ ਸਵਾਲ ਚੁੱਕਣ ਵਾਲੇ ਰਵਨੀਤ ਬਿੱਟੂ ਆਪ ਵੀ ਦੱਸਣ ਕਿ ਉਹ ਤਿੰਨ ਵਾਰ ਐੱਮਪੀ ਰਹੇ, ਹੁਣ ਵੀ ਹਨ, ਸ਼ਹੀਦ ਪਰਿਵਾਰਾਂ ਦੇ ਲਈ ਤੁਸੀਂ ਕੀ ਕੀਤਾ ਹੈ । ਵਲਟੋਹਾ ਨੇ ਕਿਹਾ ਸਾਨੂੰ ਕਿਸੇ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਅਤੇ ਹੁਣ ਵੀ ਸਰਹੱਦਾਂ ਦੇ ਡਟੇ ਹੋਏ ਹਨ।

SGPC ਨੇ ਵੀ ਇਤਹਾਜ਼ ਜ਼ਾਹਿਰ ਕੀਤਾ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਰੋਕਣ ਦੇ ਮਾਮਲੇ ਵਿੱਚ SGPC ਨੇ ਵੀ ਨਿੰਦਾ ਕੀਤੀ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਐਕਸ਼ਨ ਨੌਜਵਾਨਾਂ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ । ਧਾਮੀ ਨੇ ਕਿਹਾ ਪੰਜਾਬ ਦਾ ਇਤਿਹਾਸ ਧੀਆਂ ਭੈਣਾਂ ਦੀ ਰੱਖਿਆ ਕਰਨਾ ਸਿਖਾਉਂਦਾ ਹੈ। ਪਰ ਮੌਜੂਦਾ ਸਰਕਾਰ ਨੂੰ ਧੀਆਂ ‘ਤੇ ਸ਼ੱਕ ਕਰਦੇ ਹੋਏ ਇਸ ਤਰ੍ਹਾਂ ਨਾਲ ਰੋਕਣਾ ਠੀਕ ਨਹੀਂ ਹੈ। ਇਹ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਕਿ ਉਹ ਆਪਣੇ ਪਰਿਵਾਰ ਨੂੰ ਮਿਲੇ ਅਤੇ ਕਿਧਰੇ ਵੀ ਜਾਏ । ਬਿਨਾਂ ਕਿਸੇ ਇਲਜ਼ਾਮ ਦੇ ਕਿਸੇ ਨੂੰ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ।