ਬਿਉਰੋ ਰਿਪੋਰਟ – ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 3 ਬਿਆਨ ਦੇ ਕੇ ਇੱਕ ਹੀ ਤੀਰ ਨਾਲ 3 ਸਿਆਸੀ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਬੇਅੰਤ ਸਿੰਘ ਦੇ ਮੁਲਜ਼ਮਾਂ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਸੀ ਪਰ ਮੈਂ ਮਨ੍ਹਾ ਕਰ ਦਿੱਤਾ ਸੀ। ਮੈਨੂੰ ਕਿਹਾ ਗਿਆ ਸੀ ਜਦੋਂ ਰਾਹੁਲ ਗਾਂਧੀ ਨੇ ਆਪਣੇ ਪਿਤਾ ਨੂੰ ਮੁਆਫ਼ ਕਰ ਦਿੱਤਾ ਤਾਂ ਤੈਨੂੰ ਵੀ ਕਰ ਦੇਣਾ ਚਾਹੀਦਾ ਸੀ। ਬਿੱਟੂ ਨੇ ਦਾਅਵਾ ਕੀਤਾ ਕਿ ਮੈਨੂੰ ਕਾਂਗਰਸ ਨੇ ਕਿਹਾ ਸੀ ਇਸ ਤਰੀਕੇ ਨਾਲ ਮੁਆਫ਼ੀ ਦਿਉ ਤਾਂ ਕਿ ਕਾਂਗਰਸ ਨੂੰ ਉਸ ਦਾ ਕਰੈਡਿਟ ਮਿਲ ਸਕੇ। ਬਿੱਟੂ ਨੇ ਰਾਜਾ ਵੜਿੰਗ ’ਤੇ ਤੰਜ ਕੱਸਦੇ ਹੋਏ ਇੱਕ ਹੋਰ ਵੱਡਾ ਬਿਆਨ ਦਿੱਤਾ ਹੈ।
ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਯੂਥ ਕਾਂਗਰਸ ਨੇ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਇੰਦਰਾ ਗਾਂਧੀ ਦੀ ਬਰਸੀ ’ਤੇ ਉਨ੍ਹਾਂ ਨੂੰ ‘ਮਾਂ ਤੁਝੇ ਸਲਾਮ ਵਾਲੀ ਟੀ-ਸ਼ਰਟ’ ਪਾਉਣ ਨੂੰ ਕਿਹਾ ਸੀ ਪਰ ਮੈਂ ਇਨਕਾਰ ਕਰ ਦਿੱਤਾ ਸੀ। ਮੈਂ ਰਾਜਾ ਵੜਿੰਗ ਨੂੰ ਕਿਹਾ ਸੀ ਕਿ ਇੰਦਰਾ ਗਾਂਧੀ ਮੇਰੀ ਮਾਂ ਨਹੀਂ ਹੋ ਸਕਦੀ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ਤੇ ਗੋਲ਼ੀਆਂ ਚਲਾਈਆਂ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਗੋਲ਼ੀਆਂ ਚਲਾਈਆਂ, 1984 ਨਸਲਕੁਸ਼ੀ ਦੇ ਲਈ ਕਾਂਗਰਸ ਜ਼ਿੰਮੇਵਾਰ ਹੈ।
ਇਸ ਤੋਂ ਇਲਾਵਾ ਬਿੱਟੂ ਨੇ ਪ੍ਰਤਾਪ ਸਿੰਘ ਬਾਜਵਾ ’ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬਾਜਵਾ ਨੇ ਵੜਿੰਗ ਨੂੰ ਲੁਧਿਆਣਾ ਵਿੱਚ ਫਸਾਇਆ ਹੈ, ਤਾਂ ਕਿ ਪ੍ਰਧਾਨ ਦੀ ਕੁਰਸੀ ਉਨ੍ਹਾਂ ਦੇ ਕੋਲ ਚਲੀ ਜਾਵੇ। ਬਾਜਵਾ ਚਾਹੁੰਦੇ ਹਨ ਕਿ ਵੜਿੰਗ ਹਾਰੇ ਅਤੇ ਉਹ ਪ੍ਰਧਾਨ ਦੀ ਕੁਰਸੀ ਤੇ ਦਾਅਵੇਦਾਰੀ ਪੇਸ਼ ਕਰ ਸਕਣ। ਬਾਜਵਾ ਨੇ ਦਾਅਵਾ ਕੀਤਾ ਸੀ ਕਿ ਜੇ ਬਿੱਟੂ ਲੁਧਿਆਣਾ ਤੋਂ ਜਿੱਤਿਆਂ ਤਾਂ ਉਹ ਸਿਆਸਤ ਛੱਡ ਦੇਣਗੇ।
ਦਰਅਸਲ ਬਿੱਟੂ ਨੇ ਪਹਿਲੇ ਦੋਵਾਂ ਬਿਆਨਾਂ ਦੇ ਜ਼ਰੀਏ ਹਿੰਦੂ ਅਤੇ ਸਿੱਖ ਵੋਟਰਾਂ ਦੀ ਹਮਦਰਦੀ ਲੈਣਾ ਚਾਹੁੰਦੇ ਹਨ। ਇੱਕ ਪਾਸੇ ਉਹ ਆਪਣੇ ਦਾਦੇ ਦੇ ਕਾਤਲਾਂ ਖਿਲਾਫ਼ ਖੜੇ ਹੋ ਕੇ ਹਿੰਦੂ ਨੂੰ ਆਪਣੇ ਨਾਲ ਕਰਨਾ ਚਾਹੁੰਦੇ ਹਨ ਜਦਕਿ ਆਪਰੇਸ਼ਨ ਬਲੂਸਟਾਰ ਦੇ ਮੁੱਦੇ ਨੂੰ ਕੈਸ਼ ਕਰਕੇ ਸਿੱਖ ਵੋਟ ਹਾਸਲ ਕਰਨਾ ਚਾਹੁੰਦੇ ਹਨ। ਪਰ ਬਿੱਟੂ ਦੇ ਵਿਰੋਧੀ ਸਵਾਲ ਪੁੱਛ ਰਹੇ ਹਨ ਕਿ ਬਿੱਟੂ ਇੰਨੇ ਸਾਲ ਚੁੱਪ ਕਿਉਂ ਰਹੇ ਅਤੇ ਕਾਂਗਰਸ ਪਾਟਰੀ ਦੇ ਚੋਣ ਨਿਸ਼ਾਨ ’ਤੇ MP ਕਿਵੇਂ ਬਣਦੇ ਰਹੇ?