India Punjab

ਚੋਣਾਂ ਹਾਰ ਕੇ ਮੰਤਰੀ ਬਣੇ ਰਵਨੀਤ ਬਿੱਟੂ

ਕਾਂਗਰਸ ਛੱਡ ਕੇ ਆਏ ਰਵਨੀਤ ਸਿੰਘ ਬਿੱਟੂ ਹੁਣ ਮੋਦੀ ਦੀ ਕੈਬਨਿਟ ਦਾ ਹਿੱਸਾ ਹਨ। ਰਵਨੀਤ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਪੰਜਾਬ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਨੀਤ ਸਿੰਘ ਬਿੱਟੂ ਨੂੰ ਅਪਣੀ ਕੈਬਨਿਟ ’ਚ ਸ਼ਾਮਲ ਕਰ ਕੇ ਸਿੱਖਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਬਿੱਟੂ ਲੋਕ ਸਭਾ ਚੋਣਾਂ ’ਚ ਲੁਧਿਆਣਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ ਸਨ।

ਭਾਜਪਾ ਨੇ ਇਸ ਲੋਕ ਸਭਾ ਚੋਣਾਂ ’ਚ ਭਾਵੇਂ ਇਕ ਵੀ ਸੀਟ ਨਾ ਜਿੱਤੀ ਹੋਵੇ ਪਰ ਉਸ ਦਾ ਟੀਚਾ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਇਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤੁਰਤ ਬਾਅਦ ਪਾਰਟੀ ਵਲੋਂ ਇਕ ਤਰ੍ਹਾਂ ਨਾਲ ਸ਼ੁਰੂ ਕੀਤਾ ਗਿਆ ਸੀ।  ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ, ਪਰ ਉਹ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ। ਅਜਿਹੇ ‘ਚ ਹੁਣ ਭਾਜਪਾ ਨੇ ਉਨ੍ਹਾਂ ਨੂੰ ਮੰਤਰੀ ਬਣਾ ਕੇ ਸਿੱਖ ਕੌਮ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ।

ਰਵਨੀਤ ਬਿੱਟੂ ਦਾ ਸਿਆਸੀ ਕਰੀਅਰ 2008 ਵਿੱਚ ਯੂਥ ਕਾਂਗਰਸ ਨਾਲ ਸ਼ੁਰੂ ਹੋਇਆ ਸੀ। 2008 ਵਿੱਚ ਉਹ ਪੰਜਾਬ ਯੂਥ ਕਾਂਗਰਸ ਦੇ ਪਹਿਲੇ ਚੁਣੇ ਗਏ ਪ੍ਰਧਾਨ ਬਣੇ। 2009 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਅਤੇ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਅਤੇ ਪਿਤਾ ਸਵਰਨਜੀਤ ਸਿੰਘ ਵੱਲੋਂ ਕੀਤੇ ਕੰਮਾਂ ਕਾਰਨ ਉਹ ਆਸਾਨੀ ਨਾਲ ਚੋਣ ਜਿੱਤ ਗਏ।

ਪਾਰਟੀ ਨੇ ਪਹਿਲੀ ਵਾਰ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਹਿ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਵੀ ਬਣਾਇਆ ਸੀ। 2014 ਵਿੱਚ ਕਾਂਗਰਸ ਨੇ ਬਿੱਟੂ ਦੀ ਸੀਟ ਬਦਲ ਕੇ ਲੁਧਿਆਣਾ ਵਿੱਚ ਤਬਦੀਲ ਕਰ ਦਿੱਤੀ। ਇਸ ਤੋਂ ਬਾਅਦ ਉਹ 2014 ਅਤੇ 2014 ਵਿੱਚ ਇਸੇ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ।

ਪੰਜਾਬ ਦੀ ਆਬਾਦੀ ਵਿਚ ਸਿੱਖਾਂ ਦੀ ਗਿਣਤੀ 60 ਫੀ ਸਦੀ ਹੈ। ਬਿੱਟੂ ਦਸਤਾਰਧਾਰੀ ਸਿੱਖ ਹੈ। ਉਨ੍ਹਾਂ ਨੂੰ ਮੰਤਰੀ ਬਣਾ ਕੇ ਪਾਰਟੀ ਇਸ ਆਬਾਦੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਬਿੱਟੂ ਨੂੰ ਕੇਂਦਰੀ ਕੈਬਨਿਟ ’ਚ ਸ਼ਾਮਲ ਕਰ ਕੇ ਭਾਜਪਾ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਉਨ੍ਹਾਂ ਨੂੰ ਪੰਜਾਬ ਵਿਰੋਧੀ ਕਹਿੰਦੇ ਹਨ। ਪਾਰਟੀ ਆਗੂਆਂ ਨੂੰ ਉਮੀਦ ਹੈ ਕਿ ਬਿੱਟੂ ਦੇ ਮੰਤਰੀ ਬਣਨ ਨਾਲ ਪੰਜਾਬੀਆਂ ਨੂੰ ਸਕਾਰਾਤਮਕ ਸੰਦੇਸ਼ ਜਾਵੇਗਾ। ਪਾਰਟੀ ਦੀ ਰਣਨੀਤੀ ਸਿੱਖ ਚਿਹਰਿਆਂ ਨੂੰ ਸੱਭ ਤੋਂ ਅੱਗੇ ਰੱਖ ਕੇ ਪੇਂਡੂ ਖੇਤਰਾਂ ’ਚ ਪੈਰ ਜਮਾਉਣ ਦੀ ਹੈ।