ਲੋਕ ਸਭਾ ਚੋਣਾਂ ਦੇ ਚੱਲਦਿਆਂ ਭਾਰਤ ਵਿੱਚ ਬਹੁਤ ਸਾਰੇ ਸਿਆਸੀ ਆਗੂ ਤੇ ਕਲਾਕਾਰ ਚੋਣ ਪ੍ਰਚਾਰ ਵਿੱਚ ਰੁੱਝੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ AI ਦੁਆਰਾ ਤਿਆਰ ਕੀਤੇ ਗਏ ਡੀਪ ਫੇਕ ਵੀਡੀਓਜ਼ ਤੇ ਵੌਇਸ ਕਲੋਨਿੰਗ ਨੂੰ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਸੀਜ਼ਨ ਦੌਰਾਨ ਸੰਭਾਵੀ ਖ਼ਤਰੇ ਵਜੋਂ ਦੇਖਿਆ ਗਿਆ ਹੈ। ਅਜਿਹੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੁਆਰਾ ਡੀਪਫੇਕ ਵੀਡੀਓ ਤਿਆਰ ਕਰਕੇ ਲੋਕਾਂ ਨੂੰ ਭਰਮਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ।
ਤਾਜ਼ਾ ਮਾਮਲਾ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਸਬੰਧਿਤ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ, ਜੋ ਪਤਾ ਲੱਗਾ ਹੈ ਫ਼ਰਜ਼ੀ ਵੀਡੀਓ ਹੈ। ਰਣਵੀਰ ਸਿੰਘ ਨੇ ਉਸ ਡੀਪਫੇਕ ਵੀਡੀਓ (Deep Fake Video) ਨੂੰ ਲੈ ਕੇ ਪੁਲਿਸ ਕੋਲ ਐਫਆਈਆਰ (FIR) ਦਰਜ ਕਰਵਾਈ ਹੈ। ਰਣਵੀਰ ਸਿੰਘ ਦੇ ਅਧਿਕਾਰਿਤ ਬੁਲਾਰੇ ਨੇ ਪੁਲਿਸ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਅਸੀਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਹੈਂਡਲ ਦੇ ਖਿਲਾਫ FIR ਦਰਜ ਕੀਤੀ ਗਈ ਹੈ ਜੋ ਰਣਵੀਰ ਸਿੰਘ ਦੇ AI ਦੁਆਰਾ ਤਿਆਰ ਡੀਪਫੇਕ ਵੀਡੀਓ ਨੂੰ ਪ੍ਰਮੋਟ ਕਰ ਰਿਹਾ ਸੀ।
ਦਰਅਸਲ, ਲੋਕ ਸਭਾ ਵੋਟਿੰਗ ਦੇ ਪਹਿਲੇ ਪੜਾਅ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕਥਿਤ ਤੌਰ ‘ਤੇ ਪੀਐਮ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਸਨ, ਤੇ ਵਿਰੋਧੀ ਧਿਰ ਦੀ ਪਾਰਟੀ ਵੱਲੋਂ ਚੋਣ ਪ੍ਰਚਾਰ ਕਰ ਰਹੇ ਸਨ।
ਪਰ ਇਹ ਵੀਡੀਓ ਡੀਪਫੇਕ ਨਿਕਲਿਆ (Ranveer Singh Deep Fake Video) ਅਤੇ ਇਸ ਨੂੰ ਵੌਇਸ ਕਲੋਨਿੰਗ ਰਾਹੀਂ ਬਣਾਇਆ ਗਿਆ ਸੀ। ਬਲਕਿ ਅਸਲ ਵੀਡੀਓ ਵਿੱਚ ਤਾਂ ਰਣਵੀਰ ਸਿੰਘ ਵਾਰਾਣਸੀ ਵਿੱਚ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਾਂ ਨੂੰ ਉਨ੍ਹਾਂ ਦੀ ਵਿਰਾਸਤ ਨਾਲ ਜੋੜਨ ਦੇ ਉਦੇਸ਼ ਬਾਰੇ ਦੱਸ ਰਹੇ ਸਨ।
ਰਣਵੀਰ ਸਿੰਘ ਤੋਂ ਪਹਿਲਾਂ ਅਦਾਕਾਰ ਆਮਿਰ ਖ਼ਾਨ ਨੇ ਵੀ ਹਾਲ ਹੀ ਵਿੱਚ ਡੀਪਫੇਕ ਵੀਡੀਓ ਦੇ ਸਬੰਧ ਵਿੱਚ ਮੁੰਬਈ ਪੁਲਿਸ ਕੋਲ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੂੰ ਇੱਕ ਸਿਆਸੀ ਪਾਰਟੀ ਲਈ ਪ੍ਰਚਾਰ ਕਰਦੇ ਦਿਖਾਇਆ ਗਿਆ ਹੈ। ਆਮਿਰ ਖ਼ਾਨ ਦੇ ਦਫ਼ਤਰ ਦੁਆਰਾ ਦਿੱਤੀ ਗਈ ਸ਼ਿਕਾਇਤ ਦੇ ਅਧਾਰ ‘ਤੇ, ਖਾਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਇੱਕ FIR ਦਰਜ ਕੀਤੀ ਗਈ ਸੀ।