India Manoranjan Punjab

ਹੁਣ ਕੰਗਨਾ ਦੀ ਭੈਣ ਨੇ ਦਿੱਤਾ ਵਿਵਾਦਿਤ ਬਿਆਨ! ਕਿਸਾਨ ਅੰਦੋਲਨ ਨੂੰ ਕਿਹਾ ‘ਖ਼ਾਲਿਸਤਾਨੀ ਅੱਡਾ’

ਬੀਤੇ ਕੱਲ੍ਹ ਚੰਡੀਗੜ੍ਹ ਹਵਾਈ ਅੱਡੇ ’ਤੇ CISF ਮਹਿਲਾ ਕਾਂਸਟੇਬਲ ਵੱਲੋਂ ਬਾਲੀਵੁੱਡ ਅਦਾਕਾਰਾ ਤੇ ਨਵਨਿਯੁਕਤ ਬੀਜੇਪੀ ਸਾਂਸਦ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਬਾਰੇ ਹੁਣ ਕੰਗਨਾ ਦੀ ਭੈਣ ਰੰਗੋਲੀ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਰੰਗੋਲੀ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ‘ਖ਼ਾਲਿਸਤਾਨੀ’ ਕਰਾਰ ਕੀਤਾ ਤੇ ਇਸ ਨੂੰ ਲੈ ਕੇ ਪੰਜਾਬ ’ਤੇ ਨਿਸ਼ਾਨਾ ਸਾਧਿਆ ਹੈ। ਰੰਗੋਲੀ ਨੇ ਇਸ ਥੱਪੜ ਦੀ ਘਟਨਾ ਦੀ ਇੰਦਰਾ ਗਾਂਧੀ ‘ਤੇ ਹੋਏ ਹਮਲੇ ਨਾਲ ਤੁਲਨਾ ਕਰਦੇ ਹੋਏ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ।

ਕੰਗਨਾ ਦੀ ਭੈਣ ਰੰਗੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਸਟੋਰੀਆਂ ਸ਼ੇਅਰ ਕੀਤੀਆਂ ਹਨ। ਪਹਿਲਾਂ ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਦੱਸਿਆ। ਉਸ ਨੇ ਕਿਹਾ ਕਿ ਮੇਰੀ ਭੈਣ ਕੰਗਨਾ ਬਹੁਤ ਮਜ਼ਬੂਤ ​​ਹੈ ਤੇ ਉਹ ਇਸ ਮਾਮਲੇ ਨੂੰ ਖ਼ੁਦ ਸੰਭਾਲ ਲਵੇਗੀ।

 

ਰੰਗੋਲੀ ਨੇ ਆਪਣੀ ਇੰਸਟਾ ਸਟੋਰੀ ‘ਤੇ ਲਿਖਿਆ ਹੈ – “ਖ਼ਾਲਿਸਤਾਨੀਓ ਬੱਸ ਇਹੀ ਔਕਾਤ ਹੈ ਤੁਹਾਡੀ। ਪਿੱਛੇ ਤੋਂ ਪਲੈਨ ਕਰਨਾ ਬਣਾ ਕੇ ਹਮਲਾ ਕਰਨਾ ਪਰ ਮੇਰੀ ਭੈਣ ਦੀ ਰੀੜ ਦੀ ਹੱਡੀ ਬਹੁਤ ਮਜ਼ਬੂਤ ​​ਹੈ। ਉਹ ਇਸ ਨੂੰ ਖੁਦ ਸੰਭਾਲ ਲਵੇਗੀ ਪਰ ਪੰਜਾਬ ਤੇਰਾ ਕੀ ਬਣੇਗਾ? ਇਹ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਕਿਸਾਨ ਅੰਦੋਲਨ ਖ਼ਾਲਿਸਤਾਨੀ ਅੱਡਾ ਸੀ। ਇਹ ਇੱਕ ਗੰਭੀਰ ਸੁਰੱਖਿਆ ਖ਼ਤਰਾ ਹੈ। ਇਸ ਨੂੰ ਉਪਰ ਲੈ ਜਾਣ ਦੀ ਲੋੜ ਹੈ।”

ਰੰਗੋਲੀ ਨੇ ਦੂਜੀ ਸਟੋਰੀ ‘ਤੇ ਲਿਖਿਆ – “ਕੰਗਨਾ ਨੇ ਇਹ ਬਿਆਨ ਖ਼ਾਲਿਸਤਾਨੀਆਂ ਲਈ ਦਿੱਤਾ ਸੀ। ਕੀ ਉਹ ਔਰਤ ਖ਼ਾਲਿਸਤਾਨੀ ਹੈ?”

ਮਹਿਲਾ ਸਿਪਾਹੀ ਨੂੰ ਮੁਅੱਤਲ ਕਰਨ ‘ਤੇ ਰੰਗੋਲੀ ਨੇ ਲਿਖਿਆ, “ਉਸ ਨੂੰ ਮੁਅੱਤਲ ਕਰਨ ਨਾਲ ਕੋਈ ਫ਼ਰਕ ਨਹੀਂ ਪਵੇਗਾ। ਖ਼ਾਲਿਸਤਾਨੀਆਂ ਤੋਂ ਬਹੁਤ ਵੱਡੀ ਰਕਮ ਆਈ ਹੋਵੇਗੀ। ਰਿਮਾਂਡ ‘ਤੇ ਲੈਣਾ ਹੋਵੇਗਾ।”