ਗੁਰਦਾਸਪੁਰ : ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਇੱਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਦੋਵੇਂ ਭਰਾ ਇੱਕ ਕੁੜੀ ਦੇ ਮਾਮਲੇ ਨੂੰ ਲੈ ਕੇ ਬਟਾਲਾ ਦੇ ਡੀਐੱਸਪੀ ਲਲਿਤ ਕੁਮਾਰ ਦੇ ਦਫ਼ਤਰ ਪੁੱਜੇ। ਕੁੜੀ ਦੇ ਪਰਿਵਾਰਕ ਮੈਂਬਰ ਵੀ ਵੱਡੀ ਗਿਣਤੀ ਵਿੱਚ ਥਾਣੇ ਪਹੁੰਚ ਗਏ ਅਤੇ ਦੋਵਾਂ ਭਰਾਵਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਥਾਣੇ ਵਿੱਚ ਹੀ ਹੰਗਾਮਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ, ਬਟਾਲਾ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਸੁਣੇ ਅਤੇ ਜਾਂਚ ਮਗਰੋਂ ਕਾਰਵਾਈ ਕਰਨ ਦੀ ਗੱਲ ਵੀ ਆਖੀ। ਦੂਜੇ ਪਾਸੇ ਪੱਤਰਕਾਰਾਂ ਨੇ ਡੀਐਸਪੀ ਦਫ਼ਤਰ ਅੰਦਰ ਬੈਠੇ ਦੋਵਾਂ ਭਰਾਵਾਂ ਦੇ ਬਿਆਨ ਲੈਣ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਰੰਮੀ ਰੰਧਾਵਾ ਨੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਕੁੜੀ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਜੋ ਕਿ ਸੱਭਿਆਚਾਰ ਦੇ ਕਈ ਗੀਤ ਗਾਉਂਦੇ ਹਨ ਪਰ ਉਹ ਖੁਦ ਸੱਭਿਆਚਾਰ ਤੋਂ ਪਿੱਛੇ ਹਟ ਕੇ ਗਲਤ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸ ਰੰਧਾਵਾ ਜੋ ਪਹਿਲਾਂ ਹੀ ਵਿਆਹਿਆ ਹੋਇਆ ਹੈ, ਉਹਨਾਂ ਦੀ ਵਿਆਹੀ ਹੋਈ ਧੀ ਨੂੰ ਆਪਣੇ ਨਾਲ ਰੱਖ ਕੇ ਉਸ ਦੀ ਜ਼ਿੰਦਗੀ ਖਰਾਬ ਕਰਨ ‘ਤੇ ਤੁਲਿਆ ਹੋਇਆ ਹੈ।
ਉਹਨਾਂ ਕਿਹਾ ਕਿ ਉਹ ਨਾ ਤਾਂ ਉਨ੍ਹਾਂ ਨੂੰ ਧੀ ਨਾਲ ਮਿਲਣ ਦਿੰਦਾ ਹੈ ਅਤੇ ਨਾ ਹੀ ਉਸ ਦੇ ਬੱਚਿਆਂ ਨਾਲ ਮਿਲਣ ਦਿੰਦਾ ਹੈ, ਉੱਪਰੋਂ ਧਮਕੀਆਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਲੜਕੀ ਬਾਲਗ ਹੈ। ਉਹ ਆਪਣੀ ਮਰਜ਼ੀ ਨਾਲ ਗਾਇਕ ਪ੍ਰਿੰਸ ਰੰਧਾਵਾ ਨਾਲ ਰਹਿ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਦੀ ਸੁਣਵਾਈ ਹੋ ਚੁੱਕੀ ਹੈ। ਜਾਂਚ ਦੌਰਾਨ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।