ਚੰਡੀਗੜ੍ਹ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਵੱਲੋਂ ਮੁਲਾਕਾਤ ਕੀਤੀ ਗਈ। ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਨਵੇਂ ਚਰਚੇ ਛਿੜ ਗਏ ਹਨ। ਸੈਕਟਰ 9 ਸਥਿਤ ਸੁਖਬੀਰ ਬਾਦਲ ਦੀ ਰਿਹਾਇਸ਼ ‘ਤੇ ਦੋਵਾਂ ਲੀਡਰਾਂ ਵਿਚਾਲੇ ਮੀਟਿੰਗ ਹੋਈ। ਹਲਾਂਕਿ ਬਾਦਲ ਨੇ ਇਸ ਨੂੰ ਨਿੱਜੀ ਮਿਲਣੀ ਕਰਾਰ ਦਿੰਦਿਆ ਕਿਹਾ ਕਿ ਇਸ ਦਾ ਕੋਈ ਸਿਆਸੀ ਅਰਥ ਨਾ ਕੱਢਿਆ ਜਾਵੇ। ਰਾਣਾ ਗੁਰਜੀਤ ਤੇ ਸੁਖਬੀਰ ਬਾਦਲ ਵਿਚਾਲੇ ਤਕਰੀਬ ਇੱਕ ਘੰਟਾ ਗੱਲਬਾਤ ਹੋਈ ਹੈ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਵਾਪਸ ਆਪਣੇ ਘਰ ਪਰਤ ਆਏ ਸਨ।
ਰਾਣਾ ਗੁਰਜੀਤ ਸਿੰਘ ਕਿਸੇ ਸਮੇਂ ਕਾਂਗਰਸ ‘ਚ ਕੈਪਟਨ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਸਨ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਹੁਣ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਤੇ ਰਾਣਾ ਗੁਰਜੀਤ ਹਾਲੇ ਵੀ ਕਾਂਗਰਸ ਵਿੱਚ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਵੀ ਰਾਣਾ ਗੁਰਜੀਤ ਨੇ ਕੈਪਟਨ ਖਿਲਾਫ਼ ਕੋਈ ਸ਼ਬਦ ਨਹੀਂ ਬੋਲੇ। ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਹਨ। ਹਲਾਕਿ ਉਹਨਾਂ ਦਾ ਲੜਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਖਿਲਾਫ਼ ਚੋਣ ਲੜ ਕੇ ਬਤੌਰ ਆਜ਼ਾਦ ਚੋਣ ਜਿੱਤਿਆ ਸੀ।