‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿ ਸਾਨ ਅੱਜ ਜੇਤੂ ਮਾਰਚ ਦੇ ਰੂਪ ਵਿੱਚ ਆਪਣੇ ਘਰਾਂ ਨੂੰ ਵਾਪਸ ਆ ਰਹੇ ਹਨ। ਕਿ ਸਾਨ ਅੱਜ ਆਪਣੀ ਯਾਤਰਾ ਦਾ ਪਹਿਲਾ ਪੜਾਅ ਕਰਨਾਲ ਵਿੱਚ ਕਰਨਗੇ। ਰਾਮ ਸਿੰਘ ਰਾਣਾ ਨੇ ਆਪਣੇ ਢਾਬੇ ਗੋਲਡਨ ਹੱਟ ਵਿੱਚ ਕਿ ਸਾਨਾਂ ਦੇ ਲਈ ਮੁਫਤ ਖਾਣੇ ਦਾ ਪ੍ਰਬੰਧ ਕੀਤਾ। ਰਾਮ ਸਿੰਘ ਰਾਣਾ ਨੇ ਇੱਕ ਬਰਾਤ ਵਾਂਗ ਸਾਰੇ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ।

ਅੱਜ ਉਨ੍ਹਾਂ ਵੱਲੋਂ ਕਿਸਾਨਾਂ ਦੇ ਲਈ ਛੋਲੇ ਪੂੜੀਆਂ ਅਤੇ ਗੁਲਾਬ ਜਾਮੁਨ ਦਾ ਲੰਗਰ ਤਿਆਰ ਕੀਤਾ ਗਿਆ। ਕਿਸਾਨਾਂ ਨੇ ਲੰਗਰ ਛਕ ਕੇ ਰਾਮ ਸਿੰਘ ਰਾਣਾ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਇੱਧਰ ਨੂੰ ਆਉਣ, ਉਹ ਰਾਮ ਸਿੰਘ ਰਾਣਾ ਦੇ ਢਾਬੇ ਤੋਂ ਕੁੱਝ ਨਾ ਕੁੱਝ ਜ਼ਰੂਰ ਛਕ ਕੇ ਜਾਣ। ਕਿਸਾਨਾਂ ਵੱਲੋਂ ਰਾਮ ਸਿੰਘ ਰਾਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸਾਨਾਂ ਵੱਲੋਂ ਉਨ੍ਹਾਂ ਦੇ ਨਾਲ ਤਸਵੀਰਾਂ ਕਰਵਾਈਆਂ ਗਈਆਂ। ਕਿਸਾਨਾਂ ਨੇ ਰਾਮ ਸਿੰਘ ਰਾਣਾ ਦੀ ਲੰਮੀ ਉਮਰ ਅਤੇ ਉਨ੍ਹਾਂ ਦੀ ਚੜਦੀਕਲਾ ਲਈ ਅਰਦਾਸ ਕੀਤੀ। ਰਾਮ ਸਿੰਘ ਰਾਣਾ ਨੇ ਇੱਕ ਬਰਾਤ ਵਾਂਗ ਸਾਰੇ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਰਾਮ ਸਿੰਘ ਰਾਣਾ ਨੇ ਕਿਹਾ ਕਿ ਕਿਸਾਨਾਂ ਦੀ ਸੇਵਾ ਕਰਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਕਿਸਾਨ ਮੇਰਾ ਪੂਰਾ ਪਰਿਵਾਰ ਹੈ ਅਤੇ ਇਹ ਮੇਰੀ ਇੱਕ ਸਾਲ ਦੀ ਕਮਾਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਨੇ ਸਾਡੇ ਕੋਲੋਂ ਬਹੁਤ ਕੁੱਝ ਖੋਹਿਆ ਹੈ ਪਰ ਬਹੁਤ ਕੁੱਝ ਦਿੱਤਾ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਮ ਸਿੰਘ ਰਾਣਾ ਦਾ ਢਾਬਾ ਪਿਛਲੇ ਇੱਕ ਸਾਲ ਤੋਂ ਬੰਦ ਪਿਆ ਹੈ ਜਦੋਂ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਸੀ ਕਿਉਂਕਿ ਉਨ੍ਹਾਂ ਵੱਲੋਂ ਕਿਸਾਨ ਮੋਰਚੇ ਵਿੱਚ ਆਪਣੀ ਸੇਵਾ ਦਿੱਤੀ ਜਾ ਰਹੀ ਸੀ।

‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਢਾਬਾ ਮੁੜ ਚਾਲੂ ਕਰਨ ਵਿੱਚ ਥੋੜਾ ਸਮਾਂ ਲੱਗੇਗਾ। ਹਾਲੇ ਢਾਬੇ ਵਿੱਚ ਸਫ਼ਾਈ ਵਗੈਰਾ ਕਰਕੇ 15-20 ਦਿਨਾਂ ਤੱਕ ਢਾਬਾ ਮੁੜ ਸ਼ੁਰੂ ਕੀਤਾ ਜਾਵੇਗਾ। ਰਾਮ ਸਿੰਘ ਰਾਣਾ ਨੇ ਕਿਹਾ ਕਿ ਜਦੋਂ ਤੱਕ ਮੋਰਚੇ ਵਿੱਚ ਆਖਰੀ ਤੰਬੂ ਨਹੀਂ ਪੁੱਟਿਆ ਜਾਂਦਾ, ਉਦੋਂ ਤੱਕ ਇਹ ਸੇਵਾ ਇਵੇਂ ਹੀ ਚੱਲ਼ਦੀ ਰਹੇਗੀ। ਉਸ ਤੋਂ ਬਾਅਦ ਹੀ ਅਸੀਂ ਆਪਣਾ ਢਾਬਾ ਖੋਲ੍ਹਾਂਗੇ। ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿੱਚ ਕਰੀਬ 16-17 ਕਰੋੜ ਰੁਪਏ ਪੂੰਜੀ ਲੱਗ ਗਈ ਹੈ। ਇਸ ਸਾਲ ਜੋ ਕਮਾਈ ਕੀਤੀ ਹੈ, ਉਹ ਕਮਾਈ ਪੂਰੀ ਜ਼ਿੰਦਗੀ ਦੇ ਲਈ ਹੋ ਗਈ ਹੈ। ਰਾਮ ਸਿੰਘ ਰਾਣਾ ਨੇ ਕਿਹਾ ਕਿ ਉਹ 19 ਦਸੰਬਰ ਨੂੰ ਪੂਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਕਿਸਾਨੀ ਅੰਦੋਲਨ ਦੀ ਜਿੱਤ ਲਈ ਸ਼ੁਕਰਾਨੇ ਦੀ ਅਰਦਾਸ ਕਰਨਗੇ।

ਹਰ ਕਿਸਾਨ ਰਾਮ ਸਿੰਘ ਰਾਣਾ ਦੀ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਸਿਫ਼ਤ ਕਰਦਾ ਨਹੀਂ ਥੱਕਦਾ। ਰਾਮ ਸਿੰਘ ਰਾਣਾ ਦਾ ਕਿਸਾਨ ਮੋਰਚੇ ਦੀ ਸੇਵਾ ਵਿੱਚ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਸੇਵਾ ਵਿੱਚ ਲੱਗ ਗਏ ਹਨ। ਦਰਅਸਲ, ਰਾਮ ਸਿੰਘ ਰਾਣਾ ਨੇ ਐਲਾਨ ਕੀਤਾ ਸੀ ਕਿ ਕਿਸਾਨ 11 ਦਸੰਬਰ ਨੂੰ ਜਦੋਂ ਇੱਥੋਂ ਚਾਲੇ ਪਾਉਣਗੇ ਤਾਂ ਉਹ ਸਾਰੇ ਕਿਸਾਨਾਂ ਨੂੰ ਖਾਣਾ ਖਵਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਰਾਮ ਸਿੰਘ ਰਾਣਾ ਨੇ ਕਿਸਾਨ ਮੋਰਚਾ ਜਦੋਂ ਦਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਉਹ ਕਿਸਾਨਾਂ ਦੀ ਨਿਰੰਤਰ ਸੇਵਾ ਕਰ ਰਹੇ ਹਨ। ਉਨ੍ਹਾਂ ਵੱਲੋਂ ਮੋਰਚੇ ਵਿੱਚ ਦੁੱਧ ਦੀ ਸੇਵਾ ਲਗਾਤਾਰ ਕੀਤੀ ਗਈ। ਨਾਲ ਹੀ ਕਿਸਾਨਾਂ ਦੀਆਂ ਹੋਰ ਜ਼ਰੂਰਤਾਂ ਵੀ ਉਨ੍ਹਾਂ ਵੱਲੋਂ ਸਮੇਂ-ਸਮੇਂ ਪੂਰੀਆਂ ਕੀਤੀਆਂ ਗਈਆਂ।