‘ਦ ਖ਼ਾਲਸ ਬਿਊਰੋ : ਬਲਾਤਕਾਰੀ ਅਤੇ ਕਾਤਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਤਮ ਹੋ ਗਈ ਹੈ ਅਤੇ ਉਹ ਮੁੜ ਹੁਣ ਸੁਨਾਰੀਆ ਜੇਲ੍ਹ ਵਿੱਚ ਵਾਪਸ ਜਾਵੇਗਾ। ਉਸਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜੇਲ੍ਹ ਪਹੁੰਚਾਇਆ ਜਾਵੇਗਾ। ਰਾਮ ਰਹੀਮ 40 ਦਿਨਾਂ ਦੀ ਪੈਰੋਲ ਉੱਤੇ ਬਾਹਰ ਆਇਆ ਸੀ। ਪੈਰੋਲ ਦੌਰਾਨ ਰਾਮ ਰਹੀਮ ਬਾਗਪਤ ਆਸ਼ਰਮ ਵਿੱਚ ਰਿਹਾ ਸੀ। ਆਪਣੀ ਪੈਰੋਲ ਦੌਰਾਨ ਰਾਮ ਰਹੀਮ ਕਾਫ਼ੀ ਐਕਟਿਵ ਰਿਹਾ ਅਤੇ ਵਰਚੁਅਲੀ ਆਪਣੇ ਸਮਰਥਕਾਂ ਦੇ ਨਾਲ ਉਹ ਸੰਪਰਕ ਵਿੱਚ ਰਿਹਾ। ਇਸ ਦੌਰਾਨ ਉਸਨੇ ਕਰੀਬ 3 ਗਾਣੇ ਵੀ ਰਿਲੀਜ਼ ਕੀਤੇ, ਜਿਸ ਉੱਤੇ ਸਭ ਨੇ ਵਿਰੋਧ ਕੀਤਾ। ਉਸਦੀ ਪੈਰੋਲ ਨੂੰ ਲੈ ਕੇ ਕਈ ਸਵਾਲ ਵੀ ਉੱਠੇ, ਉਸਦੀ ਪੈਰੋਲ ਦਾ ਖੂਬ ਵਿਰੋਧ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਦੀ ਪੈਰੋਲ ਦੇ ਖਿਲਾਫ਼ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਗਈ ਸੀ।
ਬੀਤੇ ਕੱਲ੍ਹ ਹੀ ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਪੈਰੋਲ ਵਿਰੁੱਧ SGPC ਵੱਲੋਂ ਦਾਇਰ ਪਟੀਸ਼ਨ ਨੂੰ ਲੈ ਕੇ ਅਦਾਲਤ ਵਿੱਚ ਆਪਣਾ ਜਵਾਬ ਦਾਖ਼ਲ ਕੀਤਾ ਸੀ। ਰਾਮ ਰਹੀਮ ਦਾ ਪੱਖ ਲੈਂਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਉਹ ਨਾ ਤਾਂ ਕੱਟੜ ਅਪਰਾਧੀ ਹੈ ਅਤੇ ਨਾ ਹੀ ਸੀਰੀਅਲ ਕਿੱਲਰ ਹੈ। ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ। ਉਸ ਨੂੰ ਆਈਪੀਸੀ ਦੀ ਧਾਰਾ 302 ਦੇ ਨਾਲ 120ਬੀ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਸਰਕਾਰ ਨੇ ਰੋਹਤਕ ਦੇ ਜੇਲ੍ਹ ਸੁਪਰਡੈਂਟ ਰਾਹੀਂ ਆਪਣਾ ਜਵਾਬ ਦਾਇਰ ਕੀਤਾ ਸੀ। ਸਰਕਾਰ ਨੇ ਕਿਹਾ ਕਿ ਉਸ ਨੂੰ ਪਿਛਲੇ ਹੁਕਮਾਂ ਅਨੁਸਾਰ ਪੈਰੋਲ ਦਿੱਤੀ ਗਈ ਸੀ।
ਸਰਕਾਰ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਤਿੰਨ ਵਾਰ ਪੈਰੋਲ ਦਿੱਤੀ ਗਈ ਸੀ ਅਤੇ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਇਸ ਤੋਂ ਇਲਾਵਾ 1000 ਹੋਰ ਕੈਦੀਆਂ ਨੂੰ ਵੀ ਪੈਰੋਲ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਮਾਜ ਵਿੱਚ ਵਾਪਸ ਆ ਕੇ ਚੰਗੀ ਮਿਸਾਲ ਪੇਸ਼ ਕਰਨ ਦਾ ਹੱਕ ਹੈ। ਜਿਹੜੇ ਲੋਕ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ, ਜੇਕਰ ਉਨ੍ਹਾਂ ਨੂੰ ਸਮਾਜ ਦਾ ਸਹਿਯੋਗ ਨਾ ਮਿਲਿਆ ਤਾਂ ਉਹ ਮੁੜ ਅਪਰਾਧੀ ਬਣ ਸਕਦੇ ਹਨ। ਇਸ ਲਈ ਕੈਦੀਆਂ ਨੂੰ ਸਮਾਜ ਨਾਲ ਤਾਲਮੇਲ ਰੱਖਣ ਦਾ ਮੌਕਾ ਦੇਣਾ ਜ਼ਰੂਰੀ ਹੈ।