Punjab

ਸੌਦਾ ਸਾਧ ਨੇ ਮੁੜ ਤੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਕੀਤੀ ਬੇਅਦਬੀ ! SGPC ਦੇ ਪ੍ਰਧਾਨ ਨੇ ਕਿਹਾ ‘ਇਸ ਨੂੰ ਸਲਾਖਾ ਪਿੱਛੇ ਭੇਜੋ’!

Ram rahim cutt cake with kirpan sgpc president object

ਬਿਊਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਕੇਕ ਕੱਟ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਧਾਮੀ ਨੇ ਕਿਹਾ ਕਿ ਸੌਦਾ ਸਾਧ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਸਰਕਾਰਾਂ ਸ਼ਾਂਤ ਹਨ।

ਧਾਮੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦਾ ਅਹਿਮ ਧਾਰਮਿਕ ਚਿੰਨ੍ਹ ਹੈ ਜਿਸ ਦੀ ਤੌਹੀਨ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਸੌਦਾ ਸਾਧ ਨੇ ਕਿਰਪਾਨ ਨਾਲ ਕੇਕ ਕੱਟ ਕੇ ਸਿੱਖ ਕਕਾਰ ਦੇ ਸਤਿਕਾਰ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਸੰਗੀਨ ਦੋਸ਼ਾਂ ਵਿਚ ਸਜ਼ਾ ਕੱਟ ਰਹੇ ਅਜਿਹੇ ਅਪਰਾਧੀ ਨੂੰ ਸਰਕਾਰਾਂ ਵੱਲੋਂ ਵਾਰ-ਵਾਰ ਪੈਰੋਲ ਦੇ ਕੇ ਛੱਡਿਆ ਜਾ ਰਿਹਾ ਹੈ ਅਤੇ ਉਹ ਬਾਹਰ ਆ ਕੇ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਿਹਾ ਹੈ। SGPC ਪ੍ਰਧਾਨ ਨੇ ਕਿਹਾ ਦੇਸ਼ ਦਾ ਸੰਵਿਧਾਨ ਹਰ ਇਕ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਸਿਖਾਉਂਦਾ ਹੈ ਅਤੇ ਕਿਸੇ ਨੂੰ ਵੀ ਅਜਿਹਾ ਹੱਕ ਨਹੀਂ ਹੈ ਕਿ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਜਿਹੇ ਅਪਰਾਧੀ ਨੂੰ ਸਰਕਾਰਾਂ ਖਾਸ ਪੁਸ਼ਤਪਨਾਹੀ ਦੇ ਰਹੀਆਂ ਹਨ, ਜੋ ਦੇਸ਼ ਹਿੱਤ ਵਿਚ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੌਦਾ ਸਾਧ ਦੀ ਪੈਰੋਲ ਤੁਰੰਤ ਰੱਦ ਕਰਕੇ ਉਸ ਨੂੰ ਸ਼ਲਾਖਾ ਪਿੱਛੇ ਭੇਜਿਆ ਜਾਵੇ। ਉਧਰ ਹਰਿਆਣਾ ਸਰਕਾਰ ਪੰਜਵੀਂ ਵਾਰ ਰਾਮ ਰਹੀਮ ਤੇ ਮੇਹਰਬਾਨ ਹੋਈ ਹੈ ।

ਪੰਜਵੀਂ ਵਾਰ ਰਾਮ ਰਹੀਮ ਤੇ ਖੱਟਰ ਮੇਹਰਬਾਨ

ਹਰਿਆਣਾ ਸਰਕਾਰ ਨੇ ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 90 ਦਿਨਾਂ ਦੀ ਸਜ਼ਾ ਮੁਆਫ ਕੀਤੀ ਗਈ ਹੈ। ਦਰਅਸਲ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹਨਾਂ ਨੂੰ 10 ਸਾਲ ਜਾਂ ਇਸ ਤੋਂ ਵੱਧ ਜਾਂ ਫਿਰ ਉਮਰ ਕੈਦ ਦੀ ਸਜ਼ਾ ਮਿਲੀ ਹੈ, ਉਹਨਾਂ ਦੀ 90 ਦਿਨ ਦੀ ਸਜ਼ਾ ਮੁਆਫ਼ ਕੀਤੀ ਜਾਵੇਗੀ, ਇਸ ਤੋਂ ਇਲਾਵਾ ਜਿਹਨਾਂ ਨੂੰ 5 ਤੋਂ 10 ਸਾਲ ਦੀ ਕੈਦ ਦੀ ਸਜ਼ਾ ਮਿਲੀ ਹੈ, ਉਹਨਾਂ ਦੀ 60 ਦਿਨ ਦੀ ਸਜ਼ਾ ਮੁਆਫ਼ ਕੀਤੀ ਜਾਵੇਗੀ, ਇਸ ਤੋਂ ਇਲਾਵਾ ਜਿਹਨਾਂ ਨੂੰ 5 ਸਾਲ ਤੋਂ ਘੱਟ ਕੈਦ ਹੋਈ ਹੈ, ਉਹਨਾਂ ਦੀ 30 ਦਿਨ ਦੀ ਸਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ।

ਡੇਰਾ ਸਿਰਸਾ ਮੁਖੀ ਰਾਮ ਰਹੀਮ ਇਸ ਵੇਲੇ ਆਪਣੀਆਂ ਦੋ ਸ਼ਰਧਾਲੂਆਂ ਨਾਲ ਜ਼ਬਰ ਜਨਾਹ ਕਰਨ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰਨ ਅਤੇ ਸਾਬਕਾ ਡੇਰਾ ਮੈਨੇਜਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹਰਿਆਣਾ ਸਰਕਾਰ ਦੀ ਨੀਤੀ ਮੁਤਾਬਿਕ ਉਸ ਦੀ 90 ਦਿਨ ਦੀ ਸਜ਼ਾ ਮੁਆਫ ਹੋ ਗਈ ਹੈ। ਉਸਦੀ ਪੈਰੋਲ ਪਹਿਲਾਂ ਹੀ ਵਿਵਾਦਾਂ ਵਿਚ ਹੈ ਤੇ ਹੁਣ ਵੀ ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਪੈਰੋਲ ਦੌਰਾਨ ਉਹ ਆਪਣੇ ਯੂਪੀ ਵਿਚਲੇ ਆਸ਼ਰਮ ਵਿਚ ਰਹਿ ਰਿਹਾ ਹੈ।

ਰਾਮ ਰਹੀਮ ਨੂੰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 40 ਦਿਨਾਂ ਦੀ ਇੱਕ ਹੋਰ ਪੈਰੋਲ ਮਿਲ ਗਈ ਹੈ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੂੰ 40 ਦਿਨ ਦੀ ਪੈਰੋਲ ਮਿਲੀ ਸੀ। ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਸਮੇਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਇਹ ਫਰਲੋ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਮਾਲਵੇ ਦੀਆਂ 35 ਤੋਂ ਵੱਧ ਸੀਟਾਂ ‘ਤੇ ਡੇਰਾ ਸੱਚਾ ਸੌਦਾ ਦਾ ਸਿੱਧਾ ਪ੍ਰਭਾਵ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਸੀ।