India Punjab

ਸੁਨਾਰੀਆ ਜੇਲ੍ਹ ਦੇ ਕੈਦੀਆਂ ਦੇ ਰਿਸ਼ਤੇਦਾਰਾਂ ਨੇ ਕਿਉਂ ਕਿਹਾ “ਰਾਮ ਰਹੀਮ ਨੂੰ ਪੰਜਾਬ ਹੀ ਲੈ ਜਾਉ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਮੁਖੀ ਰਾਮ ਰਹੀਮ ਕ ਤਲ ਅਤੇ ਬਲਾਤ ਕਾਰ ਦੇ ਦੋਸ਼ਾਂ ਤਹਿਤ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰ ਰਾਮ ਰਹੀਮ ਨਾਲ ਜੁੜਿਆ ਹੋਇਆ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਦੋਂ ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਰਾਮ ਰਹੀਮ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰਾਮ ਰਹੀਮ ਨੂੰ ਪੰਜਾਬ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ।

ਦਰਅਸਲ, ਰਾਮ ਰਹੀਮ ਕਰਕੇ ਜੇਲ੍ਹ ਵਿੱਚ ਬੰਦ ਬਾਕੀ ਕੈਦੀਆਂ ਦੇ ਘਰਵਾਲਿਆਂ, ਰਿਸ਼ਤੇਦਾਰਾਂ ਨੂੰ ਉਨ੍ਹਾਂ (ਬਾਕੀ ਕੈਦੀਆਂ) ਨਾਲ ਮਿਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਜਦੋਂ ਵੀ ਕੈਦੀਆਂ ਦਾ ਕੋਈ ਰਿਸ਼ਤੇਦਾਰ ਜਾਂ ਘਰਵਾਲੇ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਅਤੇ ਜਾਂ ਫਿਰ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਅੱਜ ਮੁਲਾਕਾਤ ਨਹੀਂ ਹੋ ਸਕਦੀ। ਅਜਿਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਤੰਗ ਆ ਕੇ ਲੋਕਾਂ ਨੇ ਰਾਮ ਰਹੀਮ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ ਉਠਾਈ ਹੈ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਕਰਕੇ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਕਰਕੇ ਬਾਕੀ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਪਿਸਣਾ ਪੈ ਰਿਹਾ ਹੈ।

SIT ਕਰ ਰਹੀ ਹੈ ਪੁੱਛ-ਗਿੱਛ

ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਅੱਜ ਸਵੇਰੇ ਰਾਜਪੁਰਾ ਤੋਂ ਚਾਰ ਮੈਂਬਰੀ ਐੱਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ ਸੁਨਾਰੀਆ ਜੇਲ੍ਹ ਪਹੁੰਚੀ ਹੋਈ ਹੈ। ਐੱਸਆਈਟੀ ਵੱਲੋਂ ਰਾਮ ਰਹੀਮ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਚਾਰ ਮੈਂਬਰੀ ਟੀਮ ਵੱਲੋਂ ਰਾਮ ਰਹੀਮ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਹਨ। SIT ਵਿੱਚ ਹੋਰ ਮੈਂਬਰ ਐਸ.ਐਸ.ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ, ਡੀ.ਐਸ.ਪੀ. ਲਖਵੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਟੀਮ ਦੀ ਸਹਾਇਤਾ ਲਈ ਥਾਣਾ ਬਾਜਾਖਾਨਾ ਦੇ ਐਸ.ਐਚ.ਓ. ਇਕਬਾਲ ਹੁਸੈਨ, ਐਸ.ਆਈ. ਹਰਪ੍ਰੀਤ ਸਿੰਘ ਤੇ ਐਸ.ਆਈ. ਰਾਜੇਸ਼ ਕਿੰਗ ਵੀ ਸ਼ਾਮਲ ਸਨ।

ਕੌਣ ਹੈ ਰਾਮ ਰਹੀਮ

ਗੁਰਮੀਤ ਰਾਮ ਰਹੀਮ ਸਿੰਘ ਇੰਸਾ, ਡੇਰਾ ਸੱਚਾ ਸੌਦਾ ਸਿਰਸਾ ਦਾ ਮੁਖੀ ਹੈ। ਰਾਮ ਰਹੀਮ ਨੂੰ 23 ਸਤੰਬਰ 1990 ਨੂੰ ਡੇਰੇ ਦੀ ਗੱਦੀ ਸੌਂਪੀ ਗਈ ਸੀ ਜਦਕਿ ਡੇਰੇ ਦੀ ਸਥਾਪਨਾ ਸਾਲ 1948 ਵਿੱਚ ਸ਼ਾਹ ਮਸਤਾਨਾ ਮਹਾਰਾਜ ਨੇ ਕੀਤੀ ਸੀ। ਇਸ ਲਈ ਹਰਿਆਣਾ ਦੇ ਸਿਰਸਾ ਨੂੰ ਚੁਣਿਆ ਗਿਆ। ਸ਼ਾਹ ਮਸਤਾਨਾ ਬਲੁਚਿਸਤਾਨ ਦੇ ਕਾਲਕਟ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਇੱਕ ਝੋਂਪੜੀ ਤੋਂ ਅਧਿਆਤਮਕ ਸਮਾਗਮਾਂ ਤੇ ਸਤਸੰਗਾਂ ਨਾਲ ਇਸਦੀ ਸ਼ੁਰੂਆਤ ਕੀਤੀ ਸੀ। ਰਾਮ ਰਹੀਮ ਇਸ ਵਕਤ ਕ ਤਲ ਅਤੇ ਬਲਾਤ ਕਾਰ ਦੇ ਕੇਸਾਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਆਪਣੇ ਆਸ਼ਰਮ ਦੀਆਂ ਚੇਲੀਆਂ ਦੇ ਨਾਲ ਬਲਾਤ ਕਾਰ ਕੀਤਾ ਸੀ ਅਤੇ ਰਣਜੀਤ ਸਿੰਘ ਦੇ ਕ ਤਲ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਹੈ।

ਕੀ ਸੀ ਰਣਜੀਤ ਕਤਲ ਕੇਸ

ਮਰਹੂਮ ਪੱਤਰਕਾਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਦੇ ਅਨੁਸਾਰ ਮਈ 2002 ਵਿੱਚ ਗੁੰਮਨਾਮ ਚਿੱਠੀ ਆਈ ਸੀ, ਜਿਸ ਬਾਰੇ ਡੇਰੇ ਵਾਲਿਆਂ ਨੂੰ ਸ਼ੱਕ ਸੀ ਕਿ ਇਸ ਪਿੱਛੇ ਰਣਜੀਤ ਸਿੰਘ ਦਾ ਹੱਥ ਹੈ। ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਡੇਰੇ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਇਹ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਹੈ। ਜਿਸ ਕਾਰਨ ਪਹਿਲਾਂ ਇਨ੍ਹਾਂ ਨੇ ਰਣਜੀਤ ਸਿੰਘ ਨੂੰ ਧਮਕਾਇਆ। ਫਿਰ ਰਣਜੀਤ ਸਿੰਘ ਉੱਪਰ ਦਬਾਅ ਪਾਇਆ ਗਿਆ ਕਿ ਉਹ ਡੇਰੇ ਵਿੱਚ ਆ ਕੇ ਪਿਤਾ ਜੀ ਤੋਂ ਮਾਫ਼ੀ ਮੰਗ, ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੀਂ।

ਚੇਲੀਆਂ ਨਾਲ ਬਲਾਤਾਕਰ ਤੇ ਪੱਤਰਕਾਰ ਦਾ ਕਤਲ

ਗੁਰਮੀਤ ਰਾਮ ਰਹੀਮ ਸਿੰਘ ਆਪਣੇ ਆਸ਼ਰਮ ਵਿੱਚ ਆਪਣੀਆਂ ਦੋ ਔਰਤ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਅਗਸਤ 2017 ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। 2019 ਵਿੱਚ, ਗੁਰਮੀਤ ਰਾਮ ਰਹੀਮ ਸਿੰਘ ਅਤੇ ਤਿੰਨ ਹੋਰਨਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਨੇ ਡੇਰਾ ਸੱਚਾ ਸੌਦਾ ਮੁਖੀ ਦੁਆਰਾ ਉਸਦੇ ਆਸ਼ਰਮ ਵਿੱਚ ਔਰਤਾਂ ਦੇ ਯੌਨ ਸ਼ੋਸ਼ਣ ਬਾਰੇ ਇੱਕ ਗੁਮਨਾਮ ਪੱਤਰ ਪ੍ਰਕਾਸ਼ਤ ਕੀਤਾ ਸੀ।