‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ‘ਚ ਹੁਣ ਕਿਸਾਨਾਂ ਵੱਲੋਂ ਮਾਲ ਗੱਡੀਆਂ ਚਲਾਉਣ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਪਰ ਕੇਂਦਰ ਸਰਕਾਰ ਨੇ ਅਜੇ ਵੀ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਨਹੀਂ ਕੀਤੀ ਹੈ।
ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਤਾਜਾ ਬਿਆਨ ਵਿੱਚ ਕਿਹਾ ਹੈ ਕਿ “ਪੰਜਾਬ ਸਰਕਾਰ ਪੂਰੇ ਰੇਲਵੇ ਸਿਸਟਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਾਰੀਆਂ ਰੇਲ ਗੱਡੀਆਂ ਨੂੰ ਪੰਜਾਬ ਅਤੇ ਇਸ ਦੇ ਰਾਹੀਂ ਆਉਣ ਦੀ ਆਗਿਆ ਦੇਣ ਤਾਂ ਜੋ ਸਾਮਾਨ ਅਤੇ ਯਾਤਰੀ ਰੇਲ ਗੱਡੀਆਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ”। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਵੀ ਕੇਂਦਰ ਨੂੰ ਵਾਰ-ਵਾਰ ਰੇਲਾਂ ਚਲਾਉਣ ਲਈ ਕਹਿ ਚੁੱਕਾ ਹੈ ਅਤੇ ਰੇਲਵੇ ਦੀ ਸੁਰੱਖਿਆ ਬਾਰੇ ਵੀ ਕੇਂਦਰ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ। ਪਰ ਕੇਂਦਰ ਹਾਲੇ ਵੀ ਰੇਲਾਂ ਚਲਾਉਣ ਤੋਂ ਆਨਾ-ਕਾਨੀ ਕਰ ਰਿਹਾ ਹੈ।
ਪਿਊਸ਼ ਗੋਇਲ ਨੇ ਕਿਹਾ ਕਿ “ਯਾਤਰੀਆਂ, ਰੇਲਵੇ ਸਟਾਫ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਰੇ ਟਰੈਕ ਅਤੇ ਸਟੇਸ਼ਨ ਖਾਲੀ ਹੋਣ, ਪੰਜਾਬ ਦੇ ਲੋਕ ਛੱਠ ਪੂਜਾ, ਦੀਵਾਲੀ ਅਤੇ ਗੁਰਪੁਰਬ ਵਰਗੇ ਤਿਉਹਾਰਾਂ ਲਈ ਯਾਤਰਾ ਕਰਨਾ ਚਾਹੁੰਦੇ ਹਨ”।
ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵੱਲੋਂ ਰੇਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਬਾਵਯੂਦ ਵੀ ਕੇਂਦਰੀ ਮੰਤਰੀ ਦਾ ਵਾਰ-ਵਾਰ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕਰਨਾ, ਕੇਂਦਰ ਦੀ ਨੀਅਤ ਵਿੱਚ ਖੋਟ ਨੂੰ ਦਰਸਾਉਂਦਾ ਹੈ।
ਨਵਜੋਤ ਸਿੰਘ ਸਿੱਧੂ ਨੇ ਵੀ ਕੱਲ੍ਹ ਕੇਂਦਰ ਸਰਕਾਰ ਦੇ ਇਸ ਰਵੱਈਏ ‘ਤੇ ਸਖਤ ਨਾਰਾਜ਼ਗੀ ਜ਼ਾਹਰ ਕਰਦਿਆਂ ਆਖਿਆ ਸੀ ਕਿ ਹੁਣ ਪੰਜਾਬ ਨੂੰ ਕਿਸਾਨੀ ਖੇਤਰ ਵਿੱਚ ਖੁਦਮੁਖਤਿਆਰੀ ਦਾ ਰਾਹ ਅਪਣਾਉਣ ਬਾਰੇ ਸੋਚਣਾ ਚਾਹੀਦਾ ਹੈ।