‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਬਾਰਡਰਾਂ ‘ਤੇ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਪੂਰੇ ਜੋਸ਼ ਵਿੱਚ ਹੈ ਤੇ ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਅੰਦੋਲਨ ਵਾਲੀ ਥਾਂ ਉੱਤੇ ਹੀ ਕਿਸਾਨਾਂ ਦਾ ਟੀਕਾਕਰਣ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤੇ ਉਸ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ। ਅੰਦੋਲਨ ਵਾਲੀਆਂ ਥਾਵਾਂ ਉੱਤੇ ਸਮਾਜਕ–ਦੂਰੀ ਦਾ ਪੂਰਾ ਖ਼ਿਆਲ ਰੱਖਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਨਾ ਸਥਾਨ ’ਤੇ ਹੀ ਆਉਣ–ਜਾਣ ਵਾਲੇ ਕਿਸਾਨਾਂ ਨੂੰ ਵੈਕਸੀਨ ਲਾਈ ਜਾਵੇ। ਫਿਰ ਮੈਂ ਵੀ ਟੀਕਾ ਲਗਵਾਵਾਂਗਾ।
ਜੇਲ੍ਹਾਂ ’ਚ ਬੰਦ ਕੈਦੀਆਂ ਦਾ ਜ਼ਿਕਰ ਕਰਦਿਆਂ ਟਿਕੈਤ ਨੇ ਕਿਹਾ ਇਨ੍ਹਾਂ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦੇ ਫੋਨ ਆ ਰਹੇ ਹਨ ਕਿ ਸਾਡਾ ਮੁੱਦਾ ਵੀ ਚੁੱਕਿਆ ਜਾਵੇ। ਜੇਲ੍ਹਾਂ ’ਚ ਵੀ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਰੋਨਾ ਕਾਰਣ ਅੰਦੋਲਨ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਤੰਬੂ ਵੱਡੇ ਕਰ ਲਏ ਜਾਣਗੇ।