India Khetibadi Punjab

ਕੰਗਨਾ ਰਣੌਤ ਮਾਮਲੇ ’ਚ ਰਾਕੇਸ਼ ਟਿਕੈਤ ਦਾ ਵੱਡਾ ਬਿਆਨ – ਕੰਗਨਾ ਨਾਲ ਸਿਰਫ਼ ਬਹਿਸ ਹੋਈ, ਥੱਪੜ ਨਹੀਂ ਮਾਰਿਆ!

ਬੀਜੇਪੀ ਸਾਂਸਦ ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ’ਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਵੱਖ-ਵੱਖ ਕਿਸਾਨ ਲੀਡਰਾਂ ਤੇ ਅਦਾਕਾਰਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਹੁਣ ਸਬੰਧੀ ਭਾਰਤੀ ਕਿਸਾਨ ਯੂਨੀਅਨ (BKU) ਦੇ ਆਗੂ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਪੱਖ ਵਿੱਚ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਨਹੀਂ ਮਾਰਿਆ, ਬਲਕਿ ਦੋਵਾਂ ਵਿੱਚ ਸਿਰਫ਼ ਬਹਿਸਬਾਜ਼ੀ ਹੋਈ ਸੀ।

ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕਿਸਾਨ ਆਗੂਆਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਖ਼ਾਲਿਸਤਾਨੀ’ ਜਾਂ ਉਨ੍ਹਾਂ ਦੇ ਸਮਰਥਕ ਕਰਾਰ ਦੇਣ ਵਰਗੇ ਬਿਆਨਾਂ ਦੇ ਖ਼ਿਲਾਫ਼ ਵੀ ਸੁਚੇਤ ਕੀਤਾ ਹੈ। ਟਿਕੈਤ ਨੇ ਕਿਹਾ ਕਿ ਲੀਡਰਾਂ ਵੱਲੋਂ ਪੰਜਾਬੀਆਂ ਨੂੰ ਖ਼ਾਲਿਸਤਾਨੀ ਜਾਂ ਉਨ੍ਹਾਂ ਦੇ ਸਮਰਥਕ ਨਹੀਂ ਕਿਹਾ ਜਾਣਾ ਚਾਹੀਦਾ।

ਜਾਣਕਾਰੀ ਮੁਤਾਬਕ ਰਾਕੇਸ਼ ਟਿਕੈਤ ਨੇ ਅਲੀਗੜ੍ਹ ਵਿੱਚ ਕਿਹਾ ਕਿ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਏਅਰਪੋਰਟ ‘ਤੇ ਜੋ ਵੀ ਹੋਇਆ, ਉਹ ਬਹਿਸ ਦੌਰਾਨ ਹੋਇਆ। ਕੁਲਵਿੰਦਰ ਕੌਰ ‘ਤੇ ਕੰਗਨਾ ਰਣੌਤ ਨੇ ਥੱਪੜ ਮਾਰਨ ਦਾ ਇਲਜ਼ਾਮ ਲਾਇਆ ਹੈ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਦੋਵਾਂ ਵਿਚਕਾਰ ਬਹਿਸ ਹੋਈ ਸੀ।

ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਦੋਂ ਕੰਗਨਾ ਨੇ ਬਿਆਨ ਦਿੱਤਾ ਸੀ ਕਿ ਪ੍ਰਦਰਸ਼ਨਕਾਰੀਆਂ ਬੀਬੀਆਂ 100-200 ਰੁਪਏ ਦੇ ਕੇ ਲਿਆਂਦੀਆਂ ਗਈਆਂ ਹਨ। ਉਸ ਬਿਆਨ ਕਾਰਨ ਕੁਲਵਿੰਦਰ ਕੌਰ ਦੁਖੀ ਹੋਈ ਸੀ। ਪੂਰਾ ਪੰਜਾਬ ਉਸ ਦੇ ਨਾਲ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਲੜਕੀ ਨੇ ਕੁਝ ਗ਼ਲਤ ਕੀਤਾ ਹੈ ਤਾਂ ਉਸ ਵਿਰੁੱਧ ਦੋਸ਼ ਲਾਏ ਜਾਣੇ ਚਾਹੀਦੇ ਹਨ, ਪਰ ਉਸ ਨੂੰ ਨੌਕਰੀ ਤੋਂ ਮੁਅੱਤਲ ਜਾਂ ਬਰਖ਼ਾਸਤ ਕਰਨਾ ਉਚਿਤ ਨਹੀਂ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀ ਘਟਨਾ ਕਿਉਂ ਵਾਪਰੀ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ‘ਤੇ ਕੋਈ ਧਾਰਾ ਲਾਉਣੀ ਹੈ ਤੇ ਲਾ ਦਿੱਤੀ ਜਾਵੇ ਉਸ ਦੀ ਜ਼ਮਾਨਤ ਹੋ ਜਾਵੇਗੀ, ਪਰ ਨੌਕਰੀ ਤੋਂ ਬਰਖ਼ਾਸਤ ਕਰਨਾ ਠੀਕ ਨਹੀਂ।

ਸਬੰਧਿਤ ਖ਼ਬਰ – ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ’ਤੇ FIR, ਬਾਲੂੀਵੁੱਡ ਦੀ ਚੁੱਪ ਤੋਂ ਭੜਕੀ ਕੰਗਨਾ, ਸਟੋਰੀ ਪਾ ਕੇ ਕੀਤੀ ਡਿਲੀਟ