ਬਿਉਰੋ ਰਿਪੋਰਟ : ਉੱਪ ਰਾਸ਼ਟਰਪਤੀ ਅਤੇ ਰਾਜਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਆਪ ਐੱਮਪੀ ਰਾਘਵ ਚੱਢਾਾ ਨੂੰ ਤਗੜੀ ਫਟਕਾਰ ਲਗਾਈ ਹੈ । ਉਨ੍ਹਾਂ ਨੇ ਕਿਹਾ ਹੱਥਾਂ ਨਾਲ ਇਸ਼ਾਰੇ ਨਾ ਕਰੋ,ਫਿਰ ਤੁਸੀਂ ਡਾਂਸ ਕਰੋਗੇ। ਆਪਣੀ ਗੱਲ ਰੱਖਣੀ ਹੈ ਤਾਂ ਜ਼ਬਾਨ ਦੀ ਵਰਤੋਂ ਕਰੋ । ਆਪਣੀ ਸੀਟ ‘ਤੇ ਬੈਠ ਜਾਓ,ਇਹ ਤੁਹਾਡੇ ਸਿੱਖਣ ਦਾ ਸਮਾਂ ਹੈ । ਤੁਸੀਂ ਇਕਲੌਤੇ ਸ਼ਖ਼ਸ ਹੋ ਜੋ ਆਪਣੀ ਸਜ਼ਾ ਦਾ ਮਜ਼ਾ ਲੈ ਰਹੇ ਹੋ,ਤੁਸੀਂ ਸਜ਼ਾ ਕੱਟੀ ਹੈ । ਤੁਹਾਡਾ ਸਸਪੈਂਸ਼ਨ ਰੱਦ ਕੀਤਾ ਹੈ । ਤੁਸੀਂ ਦੋਸ਼ੀ ਠਹਿਰਾਏ ਗਏ ਸੀ। ਇਸ ਸਦਨ ਨੇ ਤੁਹਾਨੂੰ ਸਜ਼ਾ ਸੁਣਾਈ ਹੈ।
ਦਰਅਸਲ ਸਦਨ ਦੀ ਕੰਮ ਸ਼ੁਰੂ ਹੁੰਦੇ ਹੀ ਵਿਰੋਧੀਆਂ ਨੇ ਲੋਕਸਭਾ ਵਿੱਚ ਘੁਸਪੈਠ ਦੇ ਮੁਦੇ ‘ਤੇ ਚਰਚਾ ਦੀ ਮੰਗ ਕੀਤੀ । 23 ਐੱਮਪੀਜ਼ ਨੇ ਸਦਨ ਵਿੱਚ ਰੁਜ਼ਾਨਾ ਦੇ ਕੰਮ-ਕਾਜ ਨੂੰ ਸਸਪੈਂਡ ਕਰਕੇ ਪਾਰਲੀਮੈਂਟ ਵਿੱਚ ਹੋਈ ਸੁਰੱਖਿਆ ਲਾਪਰਵਾਹੀ ‘ਤੇ ਚਰਚਾ ਕਰਨ ਦੀ ਮੰਗ ਕੀਤੀ । ਪਰ ਸਭਾਪਤੀ ਨੇ ਉਨ੍ਹਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ । ਇਸ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ । ਰਾਘਵ ਚੱਢਾ ਵੀ ਕੁਝ ਇਸ਼ਾਰੇ ਕਰਨ ਲੱਗੇ । ਇਸ ‘ਤੇ ਸਭਾਪਤੀ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਕਿਹਾ ਮਰਿਆਦਾ ਵਿੱਚ ਰਹੋ ।
ਰਾਘਵ ਚੱਢਾ ਅਗਸਤ 2023 ਵਿੱਚ ਸਸਪੈਂਡ ਹੋਏ ਸਨ
ਰਾਜਸਭਾ ਤੋਂ ਆਪ ਐੱਮਪੀ ਰਾਘਵ ਚੱਢਾ ਦਾ ਸਸਪੈਂਸ਼ਨ ਰੱਦ ਕਰ ਦਿੱਤਾ ਗਿਆ ਸੀ । ਉਹ ਅਗਸਤ 2023 ਤੋਂ ਸਸਪੈਂਡ ਚੱਲ ਰਹੇ ਸਨ। ਇਸ ਦੇ ਲਈ ਬੀਜੇਪੀ ਐੱਮਪੀ ਜੀਵੀਐੱਲ ਨਰਸਿਮਹਾ ਰਾਵ ਨੇ ਮਤਾ ਰੱਖਿਆ ਸੀ। ਆਪ ਐੱਮਪੀ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਦਿੱਲੀ ਅਧਿਕਾਰਿਆਂ ਦੇ ਟਰਾਸਫਰ-ਪੋਸਟਿੰਗ ਨਾਲ ਜੁੜੇ ਬਿੱਲ ‘ਤੇ 5 ਐੱਮਪੀਜ਼ ਦੇ ਫਰਜ਼ੀ ਸਾਇਨ ਕੀਤੇ ਹਨ । ਇਸ ਮੁਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਂਚ ਬਿਠਾਈ ਸੀ। ਇਸ ਨੂੰ ਰਾਘਵ ਚੱਢਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ । ਸੁਣਵਾਈ ਦੌਰਾਨ ਰਾਘਵ ਚੱਢਾ ਨੇ ਕਿਹਾ ਸੀ ਕਿ ਉਹ ਬਿਨਾਂ ਸ਼ਰਤ ਮੁਆਫੀ ਮੰਗਣ ਦੇ ਲਈ ਤਿਆਰ ਹਨ । ਜਿਸ ਤੋਂ ਬਾਅਦ ਚੀਫ ਜਸਟਿਸ ਨੇ ਸਭਾਪਤੀ ਕੋਲ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਤੁਸੀਂ ਮੁਆਫੀ ਮੰਗੋਗੇ ਤਾਂ ਮੈਨੂੰ ਉਮੀਦ ਹੈ ਕਿ ਉਹ ਮੁਆਫ ਕਰ ਦੇਣਗੇ । ਜਿਸ ਤੋਂ ਬਾਅਦ ਪਿਛਲੇ ਮਹੀਨੇ ਹੀ ਉਨ੍ਹਾਂ ਦਾ ਸਸਪੈਂਸਨ ਹਟਿਆ ਸੀ ।