ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (Rajya Sabha member Satnam Singh Sandhu ) ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸਿਫ਼ਰ ਕਾਲ ਵਿੱਚ ਭਾਰਤੀ ਨੌਜਵਾਨਾਂ ਦੀ ਮਨੁੱਖੀ ਤਸਕਰੀ ਦਾ ਸੰਵੇਦਨਸ਼ੀਲ ਮਸਲਾ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਦੱਸਿਆ ਕਿ ਠਗ ਏਜੰਟ ਤੇ ਵਿਦੇਸ਼ੀ ਕੰਪਨੀਆਂ ਪੰਜਾਬ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ “ਵਧੀਆ ਨੌਕਰੀਆਂ” ਦਾ ਲਾਲਚ ਦੇ ਕੇ ਵਿਦੇਸ਼ ਬੁਲਾਉਂਦੀਆਂ ਹਨ, ਫਿਰ ਉਨ੍ਹਾਂ ਦੇ ਪਾਸਪੋਰਟ ਖੋਹ ਕੇ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੰਦੀਆਂ ਹਨ ਅਤੇ ਯੂਕਰੇਨ ਜੰਗ ਵਿੱਚ ਧੱਕ ਦਿੱਤਾ ਜਾਂਦਾ ਹੈ।
ਸੰਧੂ ਨੇ ਦੱਸਿਆ ਕਿ ਕੁੱਲ 126 ਭਾਰਤੀ ਨੌਜਵਾਨ ਇਸ ਠੱਗੀ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ:
- 12 ਮਾਰੇ ਜਾ ਚੁੱਕੇ ਹਨ
- 18 ਹਾਲੇ ਵੀ ਜੰਗ ਵਿੱਚ ਲੜਨ ਲਈ ਮਜਬੂਰ ਹਨ
- 16 ਅਜੇ ਲਾਪਤਾ ਹਨ
ਪਹਿਲਾਂ ਵੀ ਐਮਪੀ ਸੰਧੂ ਨੇ ਵਿਦੇਸ਼ ਮੰਤਰਾਲੇ ਕੋਲ ਇਹ ਮੁੱਦਾ ਉਠਾਇਆ ਸੀ, ਜਿਸ ਕਾਰਨ ਮੰਤਰਾਲੇ ਦੀ ਸਮੇਂ ਸਿਰ ਦਖ਼ਲ ਨਾਲ 96 ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਵਤਨ ਲਿਆਂਦਾ ਗਿਆ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ।ਇਸੇ ਤਰ੍ਹਾਂ ਉਨ੍ਹਾਂ “ਡੰਕੀ ਰੂਟ” ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼” ਦਾ ਮਸਲਾ ਵੀ ਚੁੱਕਿਆ। ਮਈ 2025 ਵਿੱਚ ਕੋਲੰਬੀਆ ਦੇ ਕਾਪਰਗਾਡੋ ਖੇਤਰ ਵਿੱਚ 5 ਪੰਜਾਬੀ ਨੌਜਵਾਨ ਫੜੇ ਗਏ ਸਨ। ਸੰਧੂ ਦੀ ਦਖ਼ਲ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਵਾਪਸ ਲਿਆਂਦਾ।
ਐਮਪੀ ਸੰਧੂ ਨੇ ਮੰਗ ਕੀਤੀ ਕਿ:
- ਡੰਕੀ ਰੂਟ ਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਏਜੰਟਾਂ-ਏਜੰਸੀਆਂ ਦੀ ਸਖ਼ਤ ਜਾਂਚ ਹੋਵੇ
- ਅਜਿਹੇ ਠਗਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ
- ਬਾਕੀ ਬਚੇ ਨੌਜਵਾਨਾਂ ਨੂੰ ਵੀ ਜਲਦੀ ਵਾਪਸ ਲਿਆਂਦਾ ਜਾਵੇ
ਉਨ੍ਹਾਂ ਜ਼ੋਰ ਦਿੱਤਾ ਕਿ ਇਹ ਰਾਸ਼ਟਰੀ ਸੁਰੱਖਿਆ ਤੇ ਨੌਜਵਾਨੀ ਦਾ ਸਵਾਲ ਹੈ, ਜਿਸ ਵਿੱਚ ਸਰਕਾਰ ਨੂੰ ਸਭ ਤੋਂ ਵੱਡੇ ਪੱਧਰ ’ਤੇ ਦਖ਼ਲ ਦੇਣਾ ਚਾਹੀਦਾ ਹੈ।

