India Punjab

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼ 

ਦ ਖ਼ਾਲਸ ਬਿਊਰੋ : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਬਾਰੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਸਵਾਲਾਂ ਦੀ ਸੂਚੀ ਰਾਹੀਂ ਪੰਜਾਬ ਦੇ ਲੋਕਾਂ ਅੱਗੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ।

ਰਾਘਵ ਚੱਢਾ ਨੇ ਟਵੀਟ ਰਾਹੀਂ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਉਨ੍ਹਾਂ ਦੀ ਹਾਜ਼ਰੀ 93 ਫੀਸਦੀ ਰਹੀ ਅਤੇ ਰਾਜ ਸਭਾ ਵਿੱਚ ਉਨ੍ਹਾਂ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਬੰਧਿਤ 42 ਸਵਾਲ ਉਠਾਏ। ਉਨ੍ਹਾਂ ਨੇ ਰਾਜ ਸਭਾ ਦੀਆਂ 8 ਬਹਿਸਾਂ ਵਿੱਚ ਹਿੱਸਾ ਲਿਆ ਅਤੇ ਸਦਨ ਦੇ ਸਾਹਮਣੇ ਆਪਣੇ ਅਹਿਮ ਵਿਚਾਰ ਪ੍ਰਗਟ ਕੀਤੇ।

ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ ਕਿ ਸੰਸਦ ਵਿੱਚ ਮੈਂ 42 ਸਵਾਲ ਚੁੱਕੇ,2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਅਤੇ 8 ਮੁੱਦਿਆ ਉੱਤੇ ਸੰਸਦ ਚ ਬਹਿਸ ਕੀਤੀ ਤੇ 93% ਹਾਜ਼ਰੀ ਰਹੀ। ਮੈਂ ਆਪਣੇ ਪੰਜਾਬੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਇਸ ਮਾਧਿਅਮ ਦੀ ਵਰਤੋਂ ਕਰਕੇ ਪੰਜਾਬ ਦੇ ਹੱਕਾਂ ਲਈ ਲੜਾਂਗਾ।

ਸੰਸਦ ਮੈਂਬਰ ਰਾਘਵ ਚੱਢਾ ਨੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਦੋ ਪ੍ਰਾਈਵੇਟ ਮੈਂਬਰਸ਼ਿਪ ਬਿੱਲ ਵੀ ਪੇਸ਼ ਕੀਤੇ ਜਿਸ ਵਿੱਚ ਪਹਿਲਾ ਸੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਯਕੀਨੀ ਬਣਾਉਣਾ। ਦੂਜਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਦਲ-ਬਦਲੀ ਨੂੰ ਰੋਕਣ ਅਤੇ ‘ਰਿਜ਼ੋਰਟ ਰਾਜਨੀਤੀ’ ‘ਤੇ ਨਕੇਲ ਪਾਉਣ ਲਈ, ਜਿਸ ਤਹਿਤ ਉਨ੍ਹਾਂ ਨੇ ਸੰਵਿਧਾਨ ਦੀ ਦਸਵੀਂ ਅਨੁਸੂਚੀ ਵਿੱਚ ਸੋਧ ਕਰਨ ਲਈ ਸੰਵਿਧਾਨ ਸੋਧ ਬਿੱਲ-2022 ਰਾਜ ਸਭਾ ਵਿੱਚ ਪੇਸ਼ ਕੀਤਾ।

ਰਾਘਵ ਚੱਢਾ ਨੇ ਵੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਭਾਵਨਾਵਾਂ ਦੀ ਰਾਖੀ ਲਈ ਰਾਜ ਸਭਾ ਵਿੱਚ ਕਈ ਅਹਿਮ ਮੁੱਦੇ ਉਠਾਏ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਰਾਵਾਂ ’ਤੇ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀਐਸਟੀ ਦਾ ਮੁੱਦਾ ਉਠਾਇਆ, ਜਿਸ ਮਗਰੋਂ ਕੇਂਦਰ ਸਰਕਾਰ ਨੂੰ ਇਹ ਜੀ.ਐਸ.ਟੀ ਖ਼ਤਮ ਕਰਨ ਲਈ ਮਜ਼ਬੂਰ ਹੋਣਾ ਪਿਆ।

ਦੱਸ ਦੇਈਏ ਕਿ ਰਾਘਵ ਚੱਢਾ ਰਾਘਵ ਚੱਢਾ ਇਨ੍ਹੀਂ ਦਿਨੀਂ ਸੰਸਦ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਵਿੱਚ ਕੇਂਦਰ ਕੋਲ ਪੰਜਾਬ ਦੇ ਕਈ ਅਹਿਮ ਮੁੱਦੇ ਉਠਾਏ ਹਨ।

ਰਾਘਵ ਚੱਢਾ ਨੇ ਕਿਹਾ ਸੀ ਕਿ ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਤੋਂ ਬਣਿਆ ਹੈ ‘ਪੰਜ ਆਬ’। ਪੰਜ ਦਰਿਆਵਾਂ ਦੇ ਨਾਂਅ ‘ਤੇ ਰੱਖੇ ਗਏ ਪੰਜਾਬ ਵਿੱਚ ਪਾਣੀ ਦੀ ਘਾਟ ਵਧਦੀ ਜਾ ਰਹੀ ਹੈ। ਇੱਥੇ ਪਾਣੀ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਜਦੋਂ 1965 ਵਿੱਚ ਭਾਰਤ ਵਿੱਚ ਜਦੋਂ ਵੀ ਅਨਾਜ ਦੀ ਘਾਟ ਹੋਈ ਤਾਂ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਭਾਵੇਂ ਉਹ ਹਰੀ ਕ੍ਰਾਂਤੀ ਹੋਵੇ ਜਾਂ ਝੋਨੇ ਦੀ ਖੇਤੀ। ਇਸ ਨਾਲ ਦੇਸ਼ ਦਾ ਅੰਨ ਭੰਡਾਰ ਭਰਿਆ, ਪਰ ਅੱਜ ਪੰਜਾਬ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਉੁਨ੍ਹਾਂ ਨੇ ਮਾਨਸੂਨ ਸੈਸ਼ਨ ਵਿੱਚ ਗੁਰਦੁਆਰਾ ਸਰਕਟ ਟਰੇਨ, ਐਮਐਸਪੀ ਕਮੇਟੀ, ਮੁਹਾਲੀ ਅਤੇ ਅੰਮ੍ਰਿਤਸਰ ਲਈ ਸਿੱਧੀ ਉਡਾਣ ਵਰਗੇ ਕਈ ਅਹਿਮ ਮੁੱਦੇ ਚੁੱਕੇ ਹਨ।