Punjab

ਸੰਸਦ ‘ਚ ਗੂੰਜਿਆ ਕਿਸਾਨੀ ਮੁੱਦਾ,ਸੰਤ ਸੀਚੇਵਾਲ ਨੇ ਕੀਤੇ NCRB ਰਾਹੀਂ ਕੀਤੇ ਆਹ ਖੁਲਾਸੇ

ਦਿੱਲੀ : ਇੱਕ ਪਾਸੇ ਜਿਥੇ ਸੂਬੇ ਵਿੱਚ ਕਿਸਾਨ ਸੜਕਾਂ ਤੇ ਧਰਨੇ ਲਾ ਆਪਣੀਆਂ ਹੱਕੀ ਮੰਗਾਂ ਨੂੰ ਪੂਰੀਆਂ ਕਰਵਾਉਣਾ ਚਾਹੁੰਦੇ ਹਨ,ਉਥੇ ਅੱਜ ਕਿਸਾਨੀ ਮੁੱਦਾ ਸੰਸਦ ਵਿੱਚ ਵੀ ਗੁੰਜਿਆ ਹੈ।ਪੰਜਾਬ ਤੋਂ ਰਾਜਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਸਾਨਾਂ ਨਾਲ ਜੁੜੇ ਅਹਿਮ ਮੁੱਦੇ ਸੰਸਦ ਵਿੱਚ ਰੱਖੇ ਹਨ ਤੇ ਇਹਨਾਂ ਦ ਨਾਲ ਨਾਲ NCRB ਦੇ ਅੰਕੜਿਆਂ ਦਾ ਵੀ ਹਵਾਲਾ ਦਿੱਤਾ ਹੈ।

ਉਹਨਾਂ ਖੁਲਾਸਾ ਕੀਤਾ ਹੈ ਕਿ ਸੰਨ 2017 ਤੋਂ 2021 ਤੱਕ 53 ਹਜ਼ਾਰ ਕਿਸਾਨ ਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਫ਼ਸਲਾਂ ਦੀ ਢੁਕਵੀਂ ਕੀਮਤ ਨਹੀਂ ਮਿਲਦੀ।

ਸੋਸ਼ਲ ਮੀਡੀਆ ‘ਤੇ ਪਾਈ ਇੱਕ ਪੋਸਟ ਵਿੱਚ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿੱਚ ਕਿਸਾਨਾਂ ਦੀ ਤਰਸਯੋਗ ਹਾਲਤ ਦਾ ਮੁੱਦਾ ਰਾਜ ਸਭਾ ਦੇ ਸਦਨ ਵਿੱਚ ਚੁੱਕਿਆ ਹੈ ਤੇ ਕਰਜ਼ੇ ਵਿੱਚ ਡੁੱਬੇ ਹੋਏ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੰਨ 2021 ਵਿੱਚ ਕਿਸਾਨੀ ਅੰਦੋਲਨ ਦੌਰਾਨ ਜੋ ਮੰਗਾਂ ਕੇਂਦਰ ਵੱਲੋਂ ਮੰਨੀਆਂ ਗਈਆਂ ਸੀ, ਉਹ ਹਲੇ ਤੱਕ ਵੀ ਪੂਰੀਆਂ ਨਹੀਂ ਹੋਈਆਂ ਹਨ ਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਸਹੀ ਮੁੱਲ ਅਦਾ ਕਰਨ ਦੀ ਅਪੀਲ ਵੀ ਉਹਨਾਂ ਸਰਕਾਰ ਨੂੰ ਕੀਤੀ ਹੈ ।

ਕੁਦਰਤੀ ਖੇਤੀ ’ਤੇ ਜ਼ੋਰ ਦਿੰਦਿਆਂ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪੰਜਾਬ ਕੋਲ ਖੇਤੀਯੋਗ ਰਕਬਾ ਸਿਰਫ 1.5 ਫੀਸਦੀ ਹੈ ਜਦੋਂ ਕਿ ਦੇਸ਼ ਵਿੱਚ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਾ ਕੁੱਲ 9 ਫੀਸਦੀ ਹਿੱਸਾ ਸਿਰਫ਼ ਪੰਜਾਬ ਵਰਤ ਰਿਹਾ ਹੈ ,ਜਿਸ ਨਾਲ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ। ਇਸ ਲਈ ਕੁਦਰਤੀ ਖੇਤੀ ਵੱਲ ਮੁੜਿਆ ਜਾਵੇ ਅਤੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਜਾਵੇ। ਇਸ ਸਬੰਧੀ ਕੇਂਦਰ ਸਰਕਾਰ ਨੂੰ ਠੋਸ ਨੀਤੀ ਬਣਾਉਣ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ। ਉਨ੍ਹਾਂ ਕਿਸਾਨੀ ਨੂੰ ਕਰਜ਼ੇ ਦੇ ਜਾਲ ’ਚੋਂ ਕੱਢਣ ਕਿਸਾਨੀ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਕਾਰਪੋਰੇਟਾਂ ਦੇ ਕਰਜ਼ੇ ਮਾਫ਼ ਹੋ ਸਕਦੇ ਹਨ ਤਾਂ ਕਿਸਾਨਾਂ ਦ ਕਿਉਂ ਨਹੀਂ ?