Punjab

ਪੰਜ ਦਿਨਾਂ ਤੋਂ ਵੈਂਟੀਲੇਟਰ ‘ਤੇ ਰਾਜਵੀਰ ਜਵੰਦਾ, ਗਾਇਕ ਕੰਵਰ ਗਰੇਵਾਲ ਨੇ ਦਿੱਤੀ ਅਹਿਮ ਜਾਣਕਾਰੀ

ਮੁਹਾਲੀ : ਪੰਜਾਬੀ ਗਾਇਕ ਰਾਜਵੀਰ ਜਵੰਦਾ, ਜੋ ਕਿ ਇੱਕ ਸਾਈਕਲ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ, ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਪੰਜ ਦਿਨਾਂ ਤੋਂ ਵੈਂਟੀਲੇਟਰ ਸਪੋਰਟ ‘ਤੇ ਹੈ। ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਕਾਰਨ, ਉਸਦਾ ਇਲਾਜ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਇੱਕ ਟੀਮ ਦੁਆਰਾ ਕੀਤਾ ਜਾ ਰਿਹਾ ਹੈ।

ਡਾਕਟਰਾਂ ਨੇ ਕਿਹਾ ਹੈ ਕਿ ਉਸਦੇ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਰਹੀ ਹੈ, ਜਿਸ ਕਾਰਨ ਉਸਦੇ ਬਾਹਾਂ ਅਤੇ ਲੱਤਾਂ ਵਿੱਚ ਕਮਜ਼ੋਰੀ ਆ ਰਹੀ ਹੈ। ਇਸ ਦੌਰਾਨ, ਗੁਰਦੁਆਰਿਆਂ ਵਿੱਚ ਉਸਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਗਾਇਕ, ਸਿਆਸਤਦਾਨ ਅਤੇ ਕਈ ਪ੍ਰਮੁੱਖ ਹਸਤੀਆਂ ਰੋਜ਼ਾਨਾ ਉਸਦੀ ਸਿਹਤਯਾਬੀ ਦਾ ਪਤਾ ਲੈਣ ਲਈ ਹਸਪਤਾਲ ਆ ਰਹੀਆਂ ਹਨ।

ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਜੱਸ ਬਾਜਵਾ ਨੇ ਇੱਕ ਵੀਡੀਓ ਜਾਰੀ ਕਰਕੇ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 27 ਤਰੀਕ ਨੂੰ ਹੋਏ ਇੱਕ ਸੜਕ ਹਾਦਸੇ ਵਿੱਚ ਰਾਜਵੀਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਸੀ। ਪਰ, ਸਮੂਹ ਪੰਜਾਬੀਆਂ, ਕਲਾਕਾਰਾਂ ਅਤੇ ਸਮਰਥਕਾਂ ਦੀਆਂ ਅਰਦਾਸਾਂ ਅਤੇ ਸਿਮਰਨ ਦੇ ਸਦਕਾ ਰਾਜਵੀਰ ਨੂੰ ਹੌਸਲਾ ਅਤੇ ਊਰਜਾ ਮਿਲ ਰਹੀ ਹੈ, ਜਿਸ ਨਾਲ ਉਹ ਜ਼ਿੰਦਗੀ ਦੀ ਜੰਗ ਲੜ ਰਹੇ ਹਨ।

ਗਰੇਵਾਲ ਅਤੇ ਬਾਜਵਾ ਨੇ ਦੇ ਕੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਵੱਲੋਂ ਰਾਜਵੀਰ ਦੀ ਸਿਹਤ ਲਈ ਲੋਕਾਂ ਨੂੰ ਅਰਜਾਸ ਕਰਨ ਲਈ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕਾਂ ਨੂੰ ਇਸ ਬਾਰੇ ਕੋਈ ਨਕਾਰਾਤਮਕ ਸੋਚ ਨਹੀਂ ਰੱਖਣੀ ਚਾਹੀਦੀ। ਰਾਜਵੀਰ ਚੜ੍ਹਦੀ ਕਲਾ ਵਿੱਚ ਹਨ ਅਤੇ ਡਾਕਟਰਾਂ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਰਦਾਸਾਂ ਦਾ ਬਹੁਤ ਅਸਰ ਹੋਇਆ ਹੈ ਅਤੇ ਇਸ ਨਾਲ ਰਾਜਵੀਰ ਨੂੰ ਹੋਰ ਤਾਕਤ ਮਿਲ ਰਹੀ ਹੈ। ਉਨ੍ਹਾਂ ਨੇ ਸਾਰੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਨਕਾਰਾਤਮਕ ਟਿੱਪਣੀਆਂ ਜਾਂ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਪਾਜ਼ੇਟਿਵ ਸੋਚ ਨਾਲ ਅਰਦਾਸਾਂ ਜਾਰੀ ਰੱਖਣ।

ਗਾਇਕ ਜੱਸ ਬਾਜਵਾ ਨੇ ਨੇ ਦੱਸਿਆ ਕਿ ਦੁਨੀਆ ਭਰ ਤੋਂ ਲੋਕ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਰਾਜਵੀਰ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਇਹ ਸਮਰਥਨ ਅਤੇ ਪਿਆਰ ਰਾਜਵੀਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰਾਜਵੀਰ ਆਪਣੀ ਜੰਗ ਜੂਝਾਰੂ ਢੰਗ ਨਾਲ ਲੜ ਰਹੇ ਹਨ ਅਤੇ ਪੂਰੇ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਹਨ।ਅੰਤ ਵਿੱਚ, ਗਰੇਵਾਲ ਅਤੇ ਬਾਜਵਾ ਨੇ ਸਾਰਿਆਂ ਨੂੰ ਅਰਦਾਸਾਂ ਅਤੇ ਸਿਮਰਨ ਜਾਰੀ ਰੱਖਣ ਦੀ ਅਪੀਲ ਕੀਤੀ, ਤਾਂ ਜੋ ਰਾਜਵੀਰ ਜਲਦੀ ਪੂਰੀ ਤਰ੍ਹਾਂ ਸਿਹਤਯਾਬ ਹੋ ਸਕਣ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਗਲਤ ਅਫਵਾਹ ਜਾਂ ਕਮੈਂਟ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ। ਰਾਜਵੀਰ ਦੀ ਸਿਹਤਯਾਬੀ ਲਈ ਸਮੂਹਿਕ ਅਰਦਾਸਾਂ ਅਤੇ ਸਮਰਥਨ ਨੂੰ ਜਾਰੀ ਰੱਖਣ ਦੀ ਲੋੜ ‘ਤੇ ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੱਤਾ।