Punjab

ਅਕਾਲੀ ਦਲ ਵੱਲੋਂ ਜਲੰਧਰ ਵੈਸਟ ਤੋਂ ਆਪਣੇ ਉਮੀਦਵਾਰ ਤੋਂ ਹਮਾਇਤ ਵਾਪਸ ਲੈਣ ’ਤੇ ਰਾਜਪੂਤ ਭਾਈਚਾਰਾ ਨਰਾਜ਼! ਸੁਰਜੀਤ ਕੌਰ ਦੇ ਹੱਕ ’ਚ ਵੱਡਾ ਐਲਾਨ

ਬਿਉਰੋ ਰਿਪੋਰਟ – ਪਾਰਟੀ ਵਿੱਚ ਬਗ਼ਾਵਤ (Akali Dal Rebel) ਦੇ ਚੱਲਦਿਆ ਅਕਾਲੀ ਦਲ ਨੇ ਜਲੰਧਰ ਵੈਸਟ (Jalandhar West By Election) ਤੋਂ ਆਪਣੀ ਉਮੀਦਵਾਰ ਸੁਰਜੀਤ ਕੌਰ (Akali Candidate Surjeet kaur) ਤੋਂ ਹਮਾਇਤ ਵਾਪਸ ਲੈ ਕੇ ਭਾਵੇਂ BSP ਦੇ ਉਮੀਦਵਾਰ ਨੂੰ ਹਮਾਇਤ ਦੇ ਦਿੱਤੀ ਹੈ। ਪਰ ਇਲਾਕੇ ਦੇ 15 ਹਜ਼ਾਰ ਸਿਰਕੀਬੰਦ ਰਾਜਪੂਤ ਭਾਈਚਾਰਾ ਸੁਰਜੀਤ ਕੌਰ ਦੇ ਹੱਕ ਵਿੱਚ ਆ ਗਿਆ ਹੈ। ਰਾਜਪੂਤ ਭਾਈਚਾਰੇ ਦਾ ਕਹਿਣਾ ਹੈ ਕਿ ਪਹਿਲੀ ਵਾਰ ਸਾਡੇ ਭਾਈਚਾਰੇ ਦੇ ਕਿਸੇ ਆਗੂ ਨੂੰ ਵਿਧਾਨ ਸਭਾ ਸੀਟ ਲੜਨ ਦਾ ਮੌਕਾ ਮਿਲਿਆ ਹੈ ਅਸੀਂ ਉਸ ਦੀ ਪੂਰੀ ਮਦਦ ਕਰਾਂਗੇ।

ਭਾਈਚਾਰੇ ਨਾਲ ਜੁੜੇ ਵਿੱਕੀ ਸਿੰਘ ਖ਼ਾਲਸਾ ਨੇ ਕਿਹਾ ਅਸੀਂ ਪਾਕਿਸਤਾਨ ਤੋਂ ਆ ਕੇ ਸਭ ਤੋਂ ਜ਼ਿਆਦਾ ਜਲੰਧਰ ਦੇ ਵੈਸਟ ਹਲਕੇ ਵਿੱਚ ਵੱਸੇ ਸੀ। ਹਲਕੇ ਦੇ ਅੰਦਰ ਆਉਣ ਵਾਲਾ ਇਲਾਕਾ ਬਸਤੀ ਮਿੱਠੂ ਸਾਡਾ ਗੜ੍ਹ ਹੈ, ਇੱਥੇ 9 ਹਜ਼ਾਰ ਰਾਜਪੂਤ ਵੋਟਰ ਹਨ ਜਦਕਿ ਪੂਰੇ ਵੈਸਟ ਹਲਕੇ ਵਿੱਚ 15 ਹਜ਼ਾਰ ਦੇ ਕਰੀਬ ਰਾਜਪੂਤ ਵੋਟਰ ਹਨ। ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਸੁਰਜੀਤ ਕੌਰ ਨੂੰ ਵੋਟ ਦੇਣ ਦੀ ਅਪੀਲ ਕਰਾਂਗੇ। ਵਿੱਕੀ ਸਿੰਘ ਨੇ ਕਿਹਾ ਇਸ ਦੇ ਲਈ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮਿੱਠੂ ਬਸਤੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਗੋਇੰਦਵਾਲ, ਰਾਜਪੁਰਾ ਤੇ ਬਠਿੰਡਾ ਵਿੱਚ ਸਾਡਾ ਵੱਡੀ ਗਿਣਤੀ ਵਿੱਚ ਰਾਜਪੂਤ ਭਾਈਚਾਰਾ ਹੈ ਉਹ ਸਾਰੇ ਵੀ ਜਲੰਧਰ ਪੱਛਮੀ ਸੀਟ ’ਤੇ ਸੁਰਜੀਤ ਕੌਰ ਨੂੰ ਹਮਾਇਤ ਦੇਣ ਲਈ ਪਹੁੰਚ ਰਹੇ ਹਨ। ਅਸੀਂ ਸਾਰੇ ਮਿਲ ਕੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਾਂਗੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਸੁਰਜੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਪ੍ਰਿਤਪਾਲ ਸਿੰਘ ਸਾਡੇ ਭਾਈਚਾਰੇ ਦੇ ਵੱਡੇ ਆਗੂ ਸਨ। ਉਨ੍ਹਾਂ ਦੀ ਪਤਨੀ ਵੀ 2 ਵਾਰ ਦੇ ਕੌਂਸਲਰ ਦੀ ਚੋਣ ਜਿੱਤ ਚੁੱਕੀ ਹੈ,ਅਸੀਂ ਉਨ੍ਹਾਂ ਦੀ ਪਤਨੀ ਨੂੰ ਇਕੱਲੇ ਨਹੀਂ ਛੱਡ ਸਕਦੇ ਹਾਂ।

ਰਾਜਪੂਤ ਭਾਈਚਾਰੇ ਨੇ ਕਿਹਾ ਸਾਨੂੰ ਨਹੀਂ ਪਤਾ ਕਿ ਸੁਰਜੀਤ ਕੌਰ ਨੂੰ ਅਸੀਂ ਜਿਤਾ ਪਾਵਾਂਗੇ ਜਾਂ ਨਹੀਂ ਪਰ ਇੱਕ ਗੱਲ ਜ਼ਰੂਰ ਯਕੀਨ ਨਾਲ ਕਹਿ ਸਕਦੇ ਹਾਂ ਕਿ ਅਸੀਂ ਅਕਾਲੀ ਦਲ ਦੇ ਲੋਕ ਸਭਾ ਦੇ ਨਤੀਜਿਆਂ ਤੋਂ ਚੰਗਾ ਕਰਾਂਗੇ। ਜਲੰਧਰ ਲੋਕਸਭਾ ਚੋਣ ਵਿੱਚ ਪੱਛਮੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਸਿਰਫ਼ 2,623 ਵੋਟ ਮਿਲੇ ਸਨ।