ਪਟਿਆਲਾ : ਬੰਦੀ ਸਿੰਘ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤੋਂ ਬਾਅਦ ਹੁਣ ਪਟਿਆਲਾ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਵੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਜ਼ਾ ਮੁਆਫ਼ੀ ਨੂੰ ਲੈ ਕੇ ਖੁੱਲੀ ਚਿੱਠੀ ਲਿਖੀ ਹੈ। ਚਿੱਠੀ ਵਿਚ ਲਿਖਦਿਆਂ ਰਾਜੋਆਣਾ ਨੇ ਕਿਹਾ ਕਿ ”ਸੱਭ ਤੋਂ ਪਹਿਲਾਂ ਮੈਂ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਮੈਨੂੰ ਸੰਬੋਧਨ ਹੁੰਦੇ ਹੋਏ ਇਹ ਕਿਹਾ ਹੈ ਕਿ ” ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਅਗਰ ਉਸ ਕੋ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ, ਪਛਤਾਵਾ ਹੀ ਨਹੀਂ ਹੈ, ਉਹ ਵਿਅਕਤੀ ਦਇਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ” ।
ਰਾਜੋਆਣਾ ਨੇ ਗ੍ਰਹਿ ਮੰਤਰੀ ਨੂੰ ਕਿਹਾ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜਕੇ ਕਿਹਾ ਸੀ ਕਿ ਜਿਸ ਨੂੰ ਆਪਣੇ ਗੁਨਾਹ ਦਾ ਪਛਤਾਵਾ ਨਹੀਂ ਹੈ ਉਹ ਵਿਅਕਤੀ ਰਹਿਮ ਅਤੇ ਦਇਆ ਦਾ ਹੱਕਦਾਰ ਨਹੀਂ ਹੋ ਸਕਦਾ ਹੈ । ਤੁਹਾਡੇ ਵੱਲੋਂ ਦਿੱਤੇ ਬਿਆਨ ‘ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਖ਼ਿਲਾਫ਼ ਤੁਸੀਂ ਉਹ ਕਾਨੂੰਨ ਲਾਗੂ ਕਰ ਰਹੇ ਹੋ ਜੋ ਇਸ ਦੇਸ਼ ਵਿੱਚ ਹੁਣ ਤੱਕ ਲਾਗੂ ਹੀ ਨਹੀਂ ਹੋਏ ਹਨ । ਫਿਰ ਵੀ ਮੈਂ ਤੁਹਾਨੂੰ ਸਾਫ਼ ਕਰਨਾ ਚਾਹੁੰਦਾ ਹਾਂ ਕਿ ਮੈਂ ਗੁਨਾਹ ਕੀਤਾ ਹੀ ਨਹੀਂ ਤਾਂ ਮੁਆਫ਼ੀ ਕਿਸ ਗੱਲ ਦੀ ?
ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਵਿੱਚ ਖੜਕੇ ਕਿਹਾ ਸੀ ਕਿ 1984 ਵਿੱਚ ਕਾਂਗਰਸੀ ਸਰਕਾਰ ਨੇ ਸਿੱਖਾਂ ਦੇ ਸਰਬ ਉੱਚ ਧਾਰਮਿਕ ਅਸਥਾਨ ਰੁਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਨੂੰ ਟੈਂਕਾਂ ਅਤੇ ਤੋਪਾ ਨਾਲ ਹਮਲਾ ਕੀਤਾ ਸੀ। ਹਜ਼ਾਰਾਂ ਨਿਰਦੋਸ਼ ਮਾਰੇ ਗਏ ਸਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿੱਚ ਖੋਭਿਆ ਹੋਇਆ ਖ਼ੰਜਰ ਹੈ। ਕਾਂਗਰਸੀ ਵੱਲੋਂ ਕੀਤੇ ਗਏ ਗੁਨਾਹ ਪਾਪ ਹਨ। ਹੁਣ ਤੁਸੀਂ ਦੱਸੋਂ ਕਿ ਦੇਸ਼ ਦੀ ਅਖੰਡਤਾ ਅਤੇ ਏਕਤਾ ਦੇ ਸੀਨੇ ਵਿੱਚ ਖੰਜਰ ਖੋਭਣ ਵਾਲਿਆਂ ਦੇ ਨਾਲ ਖੜਨਾ ਅਤੇ ਉਨ੍ਹਾਂ ਦੀ ਪੁਸ਼ਪੁਨਾਹੀ ਕਰਨਾ ਗੁਨਾਹ ਹੈ ਜਾਂ ਪਾਪੀਆਂ ਖ਼ਿਲਾਫ਼ ਲੜਨਾ ਗੁਨਾਹ ਹੈ ?
ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਬਿਆਨ ਕਾਂਗਰਸੀ ਜ਼ੁਲਮਾਂ ਨਾਲ ਜ਼ਖ਼ਮੀ ਹੋਈ ਸਿੱਖ ਭਾਵਨਾਵਾਂ ਦਾ ਅਤੇ ਮੋਦੀ ਜੀ ਵੱਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਦਾ ਅਪਮਾਨ ਹੈ । ਅਮਿਤ ਸ਼ਾਹ ਜੀ ਜਿੱਥੇ ਤੱਕ ਦੇਸ਼ ਦੇ ਸੰਵਿਧਾਨ ਨੂੰ ਮੰਨਣ ਦੀ ਗੱਲ ਹੈ ਤਾਂ ਮੈਂ ਅਦਾਲਤ ਵਿੱਚ ਸੱਚ ਬੋਲਿਆ ਹੈ । ਮੈਂ ਜੋ ਵੀ ਕੀਤਾ ਹੈ ਉਸ ਨੂੰ ਅਦਾਲਤ ਵਿੱਚ ਸਵੀਕਾਰ ਕੀਤਾ ਹੈ। ਮੈਂ ਇਹ ਵੀ ਦੱਸਿਆ ਹੈ ਕਿ ਮੈਂ ਅਜਿਹਾ ਕਦਮ ਕਿਉਂ ਚੁੱਕਿਆ ਹੈ,ਮੈਂ ਅਦਾਲਤ ਵਿੱਚ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ ਹਾਂ।
ਰਾਜੋਆਣਾ ਨੇ ਕਿਹਾ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਸਿੱਖ ਦੇ ਕਤਲ ਕਰਨ ਵਾਲੇ ਬਿਲਕਿਸ ਬਾਨੋ ਦੇ ਗੁਨਾਹਗਾਰ ਕੀ ਸੰਵਿਧਾਨ ਨੂੰ ਮੰਨਣ ਵਾਲੇ ਹਨ। ਕੀ ਸੰਵਿਧਾਨ ਉਨ੍ਹਾਂ ਨੂੰ ਇਹ ਘਿਨੋਣਾ ਅਪਰਾਧ ਕਰਨ ਦੀ ਇਜਾਜ਼ਤ ਦਿੰਦਾ ਹੈ ? ਜੇਕਰ ਹਾਂ ਤਾਂ ਅਜਬ ਹੈ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਫਲਸਬਾ,ਜਿੰਨੇ ਵੀ ਗੁਨਾਹ ਕਰੋ ਫਿਰ ਅਦਾਲਤ ਵਿੱਚ ਆਕੇ ਮੁਕਰ ਜਾਉ। ਇਸ ਝੂਠ ਦੇ ਚੱਲ ਰਹੇ ਕਾਰੋਬਾਰ ਵਿੱਚ ਚੰਗੇ ਸਮਾਜ ਦੀ ਕਰਪਨਾ ਕਿਵੇਂ ਹੋ ਸਕਦੀ ਹੈ।
ਜਦੋਂ ਮੈਂ ਅਦਾਲਤ ਵਿੱਚ ਆਪਣੇ ਕੀਤੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਸ ਦੇ ਬਦਲੇ ਵਿੱਚ ਮਿਲੀ ਸਜ਼ਾ ਹੱਸਦੇ ਸਵੀਕਾਰ ਕਰ ਲਈ ਫਿਰ ਅੱਗੇ ਅਪੀਲ ਕਰਨ ਜਾਂ ਫਿਰ ਰਹਿਮ ਮੰਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਇਹ ਅਪੀਲ ਸਿੱਖ ਕੌਮ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕੀਤਾ ਹੈ।
ਚਿੱਠੀ ਵਿੱਚ ਰਾਜੋਆਣਾ ਨੇ ਸ਼੍ਰੀ ਗੁਰੂ ਨਾਨਕ ਦੇਵ ਦੀ ਦੇ 550 ਸਾਲ ਵੇਂ ਪ੍ਰਕਾਸ਼ ਦਿਹਾੜੇ ਤੇ ਕੇਂਦਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨੋਟੀਫ਼ਿਕੇਸ਼ਨ ਦੀ ਵੀ ਯਾਦ ਦਿਵਾਈ। ਰਾਜੋਆਣਾ ਨੇ ਕਿਹਾ ਪ੍ਰਧਾਨ ਮੰਤਰੀ ਨੇ ਪਿਛਲੇ ਦਿਨਾਂ ਵਿੱਚ ਵੀਰ ਬਾਲ ਦਿਵਸ ਮੌਕੇ ਕਿਹਾ ਸੀ ਕਿ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਮਿਲ ਦੀ ਹੈ । ਇਹ ਪ੍ਰੇਰਨਾ ਜ਼ੁਲਮ ਦੇ ਖਿਲਾਫ ਲੜਨ ਦੀ ਹੈ ਰਹਿਮ ਦੀ ਅਪੀਲ ਦੀ ਨਹੀਂ ਹੈ। ਤੁਸੀਂ ਮੈਨੂੰ ਸਿੱਖਾਂ ਦੇ ਕਾਤਲਾਂ ਨੂੰ ਮਾਰਨ ਲਈ ਮੁਆਫ਼ੀ ਮੰਗਣ ਲਈ ਕਹਿੰਦੇ ਹੋਏ ਇਹ ਕਦੇ ਨਹੀਂ ਹੋ ਸਕਦਾ ਹੈ । ਤੁਸੀਂ ਗੱਲਾਂ ਧਰਮ ਦੀ ਕਰ ਰਹੇ ਹੋ ਪਰ ਪੁਸ਼ਤਪਨਾਹੀ ਪਾਪੀਆਂ ਦੀ ਕਰ ਰਹੇ ਹੋ,ਤੁਹਾਡੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਫ਼ਰਕ ਹੈ।
ਰਾਜੋਆਣਾ ਨੇ ਕਿਹਾ ਕਿ ਤੁਸੀਂ ਪਾਰਲੀਮੈਂਟ ਵਿੱਚ ਖੜੇ ਹੋਕੇ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹੋ ਪਰ ਹਕੀਕਤ ਵਿੱਚ ਦੇਸ਼ ਵਲੋਂ ਓਲੰਪਿਕ ਵਿੱਚ ਮੈਡਲ ਜੇਤੂ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਕਰਨ ਵਾਲਾ ਬ੍ਰਿਜ ਭੂਸ਼ਣ ਤੁਹਾਡੇ ਨਾਲ ਖੜਾ ਹੋਇਆ ਨਜ਼ਰ ਆਉਂਦਾ ਹੈ। ਤੁਸੀਂ ਰਾਮ ਰਹੀਮ ਨੂੰ ਹਰ ਚੋਣਾਂ ਤੋਂ ਪਹਿਲਾਂ ਪੈਰੋਲ ਦਿੰਦੇ ਹੋ। ਤੁਹਾਡੇ ਇਨਸਾਫ਼ ਦਾ ਤਰਾਜੂ ਪੱਖਪਾਤੀ ਹੈ । ਤੁਸੀਂ ਚਲਾਕੀ ਨਾਲ ਸਮਝੌਤਾ ਐਕਸਪ੍ਰੈੱਸ ਵਿੱਚ ਧਮਾਕਾ ਕਰਵਾਉਣ ਵਾਲਿਆਂ ਨੂੰ ਬਰੀ ਕੀਤਾ । ਤੁਹਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਇਨਸਾਫ਼ ਦੇ ਤਰਾਜ਼ੂ ਨੂੰ ਠੀਕ ਦੀ ਜ਼ਰੂਰਤ ਹੈ । ਤੁਸੀਂ ਪਿਛਲੇ 12 ਸਾਲ ਤੋਂ ਫ਼ੈਸਲਾ ਕਰਨ ਤੋਂ ਭੱਜ ਰਹੇ ਹੋ। ਰਾਵੜਾ ਨੂੰ ਗੋਦ ਵਿੱਚ ਬਿਠਾ ਕੇ ਰਾਵੜ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਹੈ। ਅਜਿਹਾ ਕਰਨਾ ਵੀ ਤਾਂ ਪਾਪ ਹੈ। ਤੁਸੀਂ ਦੇਸ਼ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ ਇਹ ਤੁਹਾਡੇ ਕਦਮਾਂ ਤੇ ਹੀ ਨਿਰਭਰ ਹੈ ।