ਬਿਊਰੋ ਰਿਪੋਰਟ : ਭਾਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਵਾਲੇ ਪੰਜਾਬੀ ਏਜੰਟ ਨੂੰ ਅਮਰੀਕੀ ਅਦਾਲਤ ਨੇ 3 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਰਜਿੰਦਰਪਾਲ ਸਿੰਘ ਉਰਫ਼ ਜਸਪਾਲ ਗਿੱਲ ਨੇ ਨਜਾਇਜ਼ ਢੰਗ ਨਾਲ 800 ਦੇ ਕਰੀਬ ਭਾਰਤੀਆਂ ਨੂੰ ਕੈਨੇਡਾ ਤੋਂ ਅਮਰੀਕਾ ਪਹੁੰਚਾਇਆ ਸੀ।
ਮੁਲਜ਼ਮ ਰਜਿੰਦਰਪਾਲ ਸਿੰਘ ਨੇ ਆਪਣਾ ਗੁਨਾਹ ਅਦਾਲਤ ਵਿੱਚ ਕਬੂਲ ਕੀਤਾ ਸੀ, ਫਰਵਰੀ ਵਿੱਚ ਗਿੱਲ ਦੀ ਗ੍ਰਿਫਤਾਰੀ ਹੋਈ ਸੀ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਤਾਂ ਉਸ ਨੇ ਦੱਸਿਆ ਕਿ 800 ਤੋਂ ਵੱਧ ਲੋਕਾਂ ਨੂੰ ਉਸ ਨੇ ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ਦਾਖਲ ਕਰਵਾਇਆ ਹੈ। ਇਸ ਕੰਮ ਦੇ ਲਈ ਉਸ ਨੇ 500,000 ਤੋਂ ਵੱਧ ਡਾਲਰ ਲਏ ਸਨ, ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਸਾਢੇ ਤਿੰਨ ਕਰੋੜ ਬਣ ਦੇ ਹਨ ।
ਜਾਣਕਾਰੀ ਦੇ ਮੁਤਾਬਕ ਕੈਲੇਫੋਰਨੀਆ ਦੇ ਐਲਕ ਗੌਰਵ ਦੇ ਰਜਿੰਦਰਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਹੈ । ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਭਾਰਤੀਆਂ ਨੂੰ ਅਮਰੀਕਾ ਦਾਖਲ ਕਰਵਾਉਣ ਦੇ ਲਈ ਉਹ ਉਬੇਰ ਦੀ ਵਰਤੋਂ ਕਰਦਾ ਸੀ । ਚਾਰ ਸਾਲਾਂ ਦੇ ਅਰਸੇ ਵਿੱਚ ਉਸ ਨੇ 800 ਤੋਂ ਵੱਧ ਲੋਕਾਂ ਨੂੰ ਅਮਰੀਕਾ ਵਿੱਚ ਲਿਆਇਆ। ਇਸ ਤੋਂ ਪਹਿਲਾਂ ਕੈਨੇਡਾ ਵਿੱਚ 700 ਵਿਦਿਆਰਥੀਆਂ ਨੂੰ ਫ਼ਰਜ਼ੀ ਯੂਨੀਵਰਸਿਟੀ ਵਿੱਚ ਦਾਖਲ ਕਰਵਾਉਣ ਵਾਲੇ ਏਜੰਟ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ । ਜਿਸ ਦੀ ਵਜ੍ਹਾ ਕਰ ਕੇ ਪੰਜਾਬ ਦੇ 700 ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ । ਕੈਨੇਡਾ ਸਰਕਾਰ ਨੇ ਭਾਵੇਂ ਫ਼ਿਲਹਾਲ ਵਿਦਿਆਰਥੀਆਂ ਦੇ ਡਿਪੋਰਟ ਕਰਨ ‘ਤੇ ਰੋਕ ਲਗਾਈ ਹੈ ਪਰ ਹੁਣ ਵੀ ਉਨ੍ਹਾਂ ਦੇ ਸਿਰ ‘ਤੇ ਭਾਰਤ ਭੇਜਣ ਦੀ ਤਲਵਾਰ ਲਟਕ ਰਹੀ ਹੈ।
ਬ੍ਰਿਜੇਸ਼ ਮਿਸ਼ਰਾ ਦੀ ਕੈਨੇਡਾ ਤੋਂ ਗ੍ਰਿਫਤਾਰੀ
700 ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾਉਣ ਵਾਲੇ ਬ੍ਰਿਜੇਸ਼ ਮਿਸ਼ਰਾ ਨੂੰ ਸ਼ੁੱਕਰਵਾਰ ਕੈਨੇਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬ੍ਰਿਜੇਸ਼ ਮਿਸ਼ਰਾ ਕੈਨੇਡਾ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ। ਮਿਸ਼ਰਾ ਨੂੰ ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਨੇ ਫੜ ਲਿਆ ਹੈ।
ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਕੰਪਨੀ ਨੇ ਫੜ ਲਿਆ ਸੀ। ਬ੍ਰਿਜੇਸ਼ ਮਿਸ਼ਰਾ ਜਲੰਧਰ ਵਿੱਚ ਇੱਕ ਇਮੀਗ੍ਰੇਸ਼ਨ ਏਜੰਸੀ ਚਲਾਉਂਦਾ ਹੈ।
ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਹੀ ਲਾਪਤਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਜਾਅਲੀ ਕਾਲਜ ਦਾਖਲਾ ਪੱਤਰ ਘੁਟਾਲੇ ਕਾਰਨ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਸੈਂਕੜੇ ਵਿਦਿਆਰਥੀ ਕਥਿਤ ਤੌਰ ‘ਤੇ ਦੇਸ਼ ਨਿਕਾਲੇ ਦੇ ਰਾਹ ਪਏ ਹੋਏ ਹਨ।