‘ਦ ਖ਼ਾਲਸ ਬਿਊਰੋ : ਰਾਜਸਥਾਨ (Rajasthan) ਦੀ ਰਾਜਧਾਨੀ ਜੈਪੁਰ (Jaipur) ‘ਚ ਰਹਿਣ ਵਾਲੇ 11 ਸਾਲ ਦੇ ਬੱਚੇ ਦੀ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਤੁਹਾਡੇ ਹੋਸ਼ ਉਡਾ ਦੇਵੇਗੀ, ਜਿੱਥੇ ਇੱਕ ਬੱਚੇ ਨੇ ਆਪਣੇ ਅਗਵਾ (Kidnapping) ਹੋਣ ਦੀ ਖੁਦ ਹੀ ਕਹਾਣੀ ਰਚ ਕੇ ਸਭ ਨੂੰ ਘੁੰਮਣਘੇਰੀ ਵਿੱਚ ਪਾ ਦਿੱਤਾ। ਮੁਹਾਣਾ ਥਾਣਾ ਖੇਤਰ ਦੇ ਮਹਾਂਵੀਰ ਨਗਰ ਕਾਲੋਨੀ ਦੀ ਇਹ ਘਟਨਾ ਹੈ। ਬੱਚੇ ਦਾ ਪਿਤਾ ਪ੍ਰਾਪਰਟੀ ਦਾ ਵਪਾਰੀ ਹੈ। ਉਹ ਐਤਵਾਰ ਨੂੰ ਆਪਣੇ ਬੱਚੇ ਨੂੰ ਪਾਸੀ ਵਿੱਚ ਹੀ ਟਿਊਸ਼ਨ ’ਤੇ ਛੱਡ ਕੇ ਆਪਣੇ ਕੰਮ ’ਤੇ ਚਲੇ ਗਏ।
ਜਦੋਂ ਟਿਊਸ਼ਨ ਤੋਂ ਜਲਦੀ ਘਰ ਪਰਤ ਆਇਆ ਬੱਚਾ !
ਟਿਊਸ਼ਨ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਬੱਚਾ ਦੁਪਹਿਰ ਨੂੰ ਘਰ ਪਹੁੰਚ ਗਿਆ। ਜਦੋਂ ਮਾਂ ਨੇ ਜਲਦੀ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਿਵੇਂ ਹੀ ਪਿਤਾ ਸਰ ਦੇ ਘਰ ਤੋਂ ਬਾਹਰ ਨਿਕਲੇ ਤਾਂ ਬਾਈਕ ‘ਤੇ ਸਵਾਰ ਦੋ ਬਦਮਾਸ਼ ਉਸਨੂੰ ਲੈ ਗਏ। ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਬੱਚੇ ਨੇ ਦੱਸਿਆ ਕਿ ਉਸ ਨੇ ਅਗਵਾਕਾਰਾਂ ਦਾ ਹੱਥ ਵੱਢਿਆ ਅਤੇ ਬਾਈਕ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।
ਮਾਂ ਨੇ ਘਬਰਾ ਕੇ ਤੁਰੰਤ ਬੱਚੇ ਦੇ ਪਿਤਾ ਨੂੰ ਫੋਨ ਕਰਕੇ ਸੂਚਨਾ ਦਿੱਤੀ। ਪਿਤਾ ਤੁਰੰਤ ਘਰ ਪਰਤਿਆ ਅਤੇ ਪੁਲਿਸ ਨੂੰ ਬੁਲਾਇਆ। ਪੁਲਿਸ ਵਾਲੇ ਹੈਰਾਨ ਰਹਿ ਗਏ। ਜਦੋਂ ਉਹ ਬੱਚੇ ਦੇ ਘਰ ਪਹੁੰਚੇ ਤਾਂ ਪੁੱਛ-ਗਿੱਛ ਦੌਰਾਨ ਬੱਚੇ ਨੇ ਉਨ੍ਹਾਂ ਨੂੰ ਵੀ ਉਹੀ ਕਹਾਣੀ ਸੁਣਾਈ।
ਕਿਵੇਂ ਖੁੱਲ੍ਹਿਆ ਭੇਤ ?
ਪੁਲੀਸ ਨੇ ਤੁਰੰਤ ਕੋਚ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਤਾਂ ਸਾਰਾ ਭੇਤ ਖੁੱਲ੍ਹ ਗਿਆ। ਕੋਚਿੰਗ ਨਾ ਜਾਣ ਕਾਰਨ ਬੱਚਾ ਇਹ ਸਾਰੀ ਕਹਾਣੀ ਦੱਸ ਰਿਹਾ ਸੀ। ਇਹ ਜਾਣ ਕੇ ਮਾਪੇ ਵੀ ਹੈਰਾਨ ਰਹਿ ਗਏ। ਜਦੋਂ ਬੱਚੇ ਨੂੰ ਤਾੜਨਾ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਐਤਵਾਰ ਨੂੰ ਕੋਚਿੰਗ ‘ਤੇ ਨਹੀਂ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਜ਼ਬਰਦਸਤੀ ਭੇਜ ਦਿੱਤਾ ਗਿਆ ਸੀ।
ਸੀਸੀਟੀਵੀ ‘ਚ ਕੀ ਆਇਆ ਸਾਹਮਣੇ ?
ਸੀਸੀਟੀਵੀ ਫੁਟੇਜ ਮੁਤਾਬਕ ਐਤਵਾਰ ਦੁਪਹਿਰ 12 : 45 ਵਜੇ ਪਿਤਾ ਆਪਣੇ ਬੱਚੇ ਨੂੰ ਟਿਊਸ਼ਨ ਸੈਂਟਰ ਦੇ ਬਾਹਰ ਛੱਡ ਕੇ ਆਏ। ਬੱਚਾ ਟਿਊਸ਼ਨ ਪੜਨ ਦੇ ਲਈ ਸੈਂਟਰ ਦੇ ਅੰਦਰ ਨਹੀਂ ਗਿਆ ਅਤੇ ਸੜਕ ਉੱਤੇ ਹੀ ਬੈਠ ਗਿਆ। ਫਿਰ ਕੁਝ ਸਮੇਂ ਬਾਅਦ ਉਹ ਘਰ ਚਲਾ ਗਿਆ। ਮਾਂ ਨੇ ਬੱਚੇ ਨੂੰ ਜਲਦੀ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਬੱਚੇ ਨੇ ਉਪਰੋਕਤ ਕਹਾਣੀ ਦੱਸ ਦਿੱਤੀ। ਜਦੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਕਰੀਬ 30 ਮਿੰਟ ਤੱਕ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਘਾਲੀ। ਸੀਸੀਟੀਵੀ ਵਿੱਚ ਕੁਝ ਵੀ ਸ਼ੱਕੀ ਘਟਨਾ ਸਾਹਮਣੇ ਨਾ ਆਈ, ਜਿਸ ਕਰਕੇ ਬੱਚੇ ਨੂੰ ਸੱਚ ਦੱਸਣਾ ਪਿਆ।