Punjab

ਪ੍ਰਧਾਨ ਵੜਿੰਗ ਨੇ ਦੱਸੇ ਜਲੰਧਰ ਵਿੱਚ ਪਾਰਟੀ ਦਾ ਹਾਰ ਦੇ ਕਾਰਣ,ਕਿਹਾ ਆਪ ਦੀ ਜਿੱਤ ਵਿੱਚ ਕੁੱਝ ਖਾਸ ਨਹੀਂ

ਚੰਡੀਗੜ੍ਹ :ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਥੇ ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਵਿੱਚ ਪਾਰਟੀ ਦੇ ਹਾਰ ਨੂੰ ਕਬੂਲ ਕੀਤਾ ਹੈ,ਉਥੇ ਕਰਨਾਟਕ ਵਿੱਚ ਪਾਰਟੀ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਇਹ ਵੀ ਕਿਹਾ ਕਿ ਆਪ ,ਜੋ ਕਿ ਹੁਣੇ ਨੈਸ਼ਨਲ ਪਾਰਟੀ ਬਣੀ ਹੈ,ਦੇ ਆਗੂਆਂ ਵੱਲੋਂ ਪੰਜਾਬ ਦੇ ਖਰਚੇ ‘ਤੇ ਜਹਾਜਾਂ ਰਾਹੀਂ ਕਰਨਾਟਕ ਦੇ ਦੌਰੇ ਵੀ ਕੀਤੇ ਪਰ ਫਿਰ ਵੀ ਇਥੇ ਆਪ ਦੇ ਹੱਕ ਵਿੱਚ ਕੋਈ ਵਧੀਆ ਨਤੀਜੇ ਨਹੀਂ ਆਏ ਹਨ,ਸਗੋਂ ਜ਼ਮਾਨਤਾਂ ਜ਼ਬਤ ਹੋਈਆਂ ਹਨ।

ਵੜਿੰਗ ਨੇ ਹੋਰ ਜਗਾ ਪਹਿਲਾਂ ਹੋਈਆਂ ਚੋਣਾਂ ਦਾ ਵੀ ਉਦਾਹਰਣ ਦਿੱਤਾ,ਜਿਥੇ ਆਪ ਦੀ ਹਾਰ ਹੋਈ ਸੀ । ਅੰਕੜੇ ਪੇਸ਼ ਕਰਦੇ ਹੋਏ ਵੜਿੰਗ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਆਪ ਨੂੰ 3 ਲੱਖ ਦੇ ਕਰੀਬ ਵੋਟਾਂ ਪਈਆਂ ਹਨ ਜਦੋਂ ਕਿ 5 ਲੱਖ ਦੇ ਕਰੀਬ ਵੋਟਾਂ ਆਪ ਦੇ ਖਿਲਾਫ਼ ਪਈਆਂ ਹਨ।ਪਿਛਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਤੋਂ ਵੱਧ ਵੋਟਾਂ ਪਈਆਂ ਸੀ।

ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਭਾਵੇਂ ਆਪ ਵਾਲੇ ਦਾਅਵਾ ਕਰਦੇ ਸੀ ਕਿ ਸਾਡੇ ਕੰਮ ਨੂੰ ਵੋਟ ਪਈ ਹੈ ਪਰ ਫਿਰ ਵੀ ਇਹ ਵੋਟ ਉਨੀਂ ਨਹੀਂ ਹੈ,ਜਿੰਨੀ ਪਿਛਲੀ ਵਾਰ ਆਪ ਨੂੰ ਪਈ ਸੀ ਭਾਵੇਂ ਸਾਰੇ ਸਰਕਾਰੀ ਤੰਤਰ ਦਾ ਜ਼ੋਰ ਲੱਗਿਆ ਹੋਇਆ ਸੀ ਤੇ ਹਰ ਮਹਿਕਮਾ ਆਪ ਸਰਕਾਰ ਦੀ ਮਦਦ ਕਰ ਰਿਹਾ ਸੀ।

ਵੜਿੰਗ ਨੇ ਕਾਂਗਰਸ ਦੇ ਚੋਣਾਂ ਹਾਰਨ ਦਾ ਸਭ ਤੋਂ ਵੱਡਾ ਕਾਰਣ ਘੱਟ ਪੋਲਿੰਗ ਨੂੰ ਦੱਸਿਆ ਹੈ. ਉਹਨਾਂ ਕਿਹਾ ਕਿ ਸਰਕਾਰੀ ਅਫ਼ਸਰਾਂ ਦੇ ਦਬਾਉਣ ਤੇ ਧਮਕਾਉਣ ਦੇ ਕਾਰਣ ਹੀ ਲੋਕ ਵੋਟ ਪਾਉਣ ਨਹੀਂ ਆਏ,ਨਹੀਂ ਤਾਂ ਕਾਂਗਰਸ ਪਾਰਟੀ ਨੇ ਇਹ ਸੀਟ ਜਿੱਤ ਲੈਣੀ ਸੀ।ਜੇਕਰ ਆਪ ਸਰਕਾਰ ਨੇ ਵਾਕਈ ਕੰਮ ਕੀਤੇ ਹੁੰਦੇ ਤਾਂ ਲੋਕਾਂ ਵਿੱਚ ਵੋਟਿੰਗ ਲਈ ਉਤਸ਼ਾਹ ਹੋਣਾ ਸੀ,ਜੋ ਕਿ ਇਸ ਵਾਰ ਨਜ਼ਰ ਨਹੀਂ ਆਇਆ। ਜੇ ਕਾਫੀ ਲੋਕ ਵੋਟ ਪਾਉਣ ਨਹੀਂ ਆਏ ਤਾਂ ਇਸ ਦਾ ਇਹੀ ਕਾਰਣ ਮੰਨਿਆ ਜਾ ਸਕਦਾ ਹੈ ਕਿ ਉਹ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹਨ।

ਵੜਿੰਗ ਨੇ ਗੁਰਦਾਸਪੁਰ,ਜਲਾਲਾਬਾਦ,ਸ਼ਾਹਕੋਟ ਵਿਖੇ ਹੋਈਆਂ ਲੋਕ ਸਭਾ ਚੋਣਾਂ ਦਾ ਵੀ ਉਦਾਹਰਣ ਦਿੱਤਾ ਤੇ ਕਿਹਾ ਕਿ ਇਥੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਪਰ ਅੱਜ ਜੇ ਆਪ ਨੇ ਇਕ ਚੋਣ ਜਿੱਤ ਲਈ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ ਤੇ ਨਾ ਹੀ ਕੋਈ ਵੱਡੀ ਪ੍ਰਾਪਤੀ ਹੈ।

ਉਹਨਾਂ ਇਹ ਵੀ ਕਿਹਾ ਹੈ ਕਿ ਇਸ ਸਰਕਾਰ ਨੇ ਪੰਜਾਬ ਨੂੰ ਸਿਰਫ ਕਰਜੇ ਨੂੰ ਡੋਬਿਆ ਹੈ।ਕਰਨਾਟਕ ਜਿੱਤ ਤੋਂ ਉਤਸ਼ਾਹਿਤ ਹੋ ਉਹਨਾਂ ਆਸ ਪ੍ਰਗਟਾਈ ਹੈ ਕਿ ਹਿਮਾਚਲ ਵਾਂਗ ਆਉਣ ਵਾਲੇ ਮੱਧ ਪ੍ਰਦੇਸ਼ ਤੇ ਛਤੀਸਗੱੜ ਵਿੱਚ ਵੀ ਕਾਂਗਰਸ ਦੀ ਸਰਕਾਰ ਬਣੇਗੀ।

ਵੜਿੰਗ ਨੇ ਆਪਣੀ ਪਾਰਟੀ ਦੀ ਲੀਡਰਸ਼ੀਪ ਤੇ ਵਰਕਰਾਂ ਦੀ ਕੀਤੀ ਹੋਈ ਮਿਹਨਤ ਦੀ ਵੀ ਸ਼ਲਾਘਾ ਕੀਤੀ ਹੈ ਤੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵੀ ਲਾਇਆ ਹੈ ਕਿ ਕਿਵੇਂ ਪੰਜਾਬ ਵਿੱਚ ਹਾਲਾਤ ਖਰਾਬ ਕੀਤੇ ਗਏ ਤੇ ਹਾਲੇ ਵੀ ਕੀਤੇ ਜਾ ਰਹੇ ਹਨ।

ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਆਪ ਐਮਪੀ ਰਾਘਵ ਚੱਢਾ ਦੀ ਮੰਗਣੀ ਦੇ ਹੋਏ ਸਮਾਗਮ ‘ਚ ਜਾਣ ਸੰਬੰਧੀ ਵਿਰਸਾ ਸਿੰਘ ਵਲਟੋਹਾ ਦੇ ਬਿਆਨ ਸੰਬੰਧੀ ਪੁੱਛੇ ਗਏ ਸਵਾਲ ‘ਤੇ ਉਹਨਾਂ ਕਿਹਾ ਹੈ ਕਿ ਕਿਸੇ ਦਾ ਵੀ ਕਿਸੇ ਦਾ ਘਰ ਜਾਣਾ ਉਹਨਾਂ ਦੀ ਆਪਣੀ ਮਰਜੀ ਹੈ।ਜਥੇਦਾਰ ਸਾਹਿਬ ਇਕ ਸੰਸਥਾ ਹੈ ਤੇ ਸੰਸਥਾ ‘ਤੇ ਇਸ ਤਰਾਂ ਨਾਲ ਇਲਜ਼ਾਮਬਾਜੀ ਠੀਕ ਨਹੀਂ।

ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਹੈ ਕਿ ਬਲਕੌਰ ਸਿੰਘ ਨੇ ਆਪਣੇ ਜਵਾਨ ਪੁੱਤ ਲਈ ਇਨਸਾਫ਼ ਮੰਗਦੇ ਰਹਿਣਾ ਹੈ। ਇਸ ਲਈ ਉਹਨਾਂ ਸਰਕਾਰ ਤੱਕ ਵੀ ਪਹੁੰਚ ਕੀਤੀ ਤੇ ਜਲੰਧਰ ਵੋਟਾਂ ਵਿੱਚ ਵੀ ਇਹ ਗੱਲ ਕੀਤੀ ਕਿ ਆਪ ਨੂੰ ਵੋਟ ਨਾ ਪਾਈ ਜਾਵੇ ,ਭਾਵੇਂ ਕਿਸੇ ਹੋਰ ਨੂੰ ਜਾਂ ਨੋਟਾ ਨੂੰ ਪਾ ਦਿੱਤੀ ਜਾਵੇ,ਜਿਸ ਵਿੱਚ ਕੁੱਝ ਵੀ ਗਲਤ ਨਹੀਂ ਹੈ।ਕਾਂਗਰਸ ਪਾਰਟੀ ਇਨਸਾਫ਼ ਲੈਣ ਲਈ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ।