Punjab

ਰਾਜਾ ਵੜਿੰਗ ਦਾ ਚੜ ਗਿਆ ਪਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਮੈਂਬਰ ਪਾਰਲੀਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪਾਰਟੀ ਦੀ ਤਰਫ਼ੋਂ ਲੋਕ ਸਭਾ ਦੇ ਮੈਂਬਰ ਤਾਂ ਚੁਣੇ ਗਏ ਸਨ ਪਰ ਹੁਣ ਉਹਨਾਂ ਦਾ ਕਾਂਗਰਸ ਨਾਲ ਕੋਈ ਲਾਕਾ ਦੇਕਾ ਨਹੀਂ ਰਿਹਾ ਹੈ। ਉਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਥੋੜੇ ਖਰਵੇ ਰੌਂਅ ਵਿੱਚ ਨਜ਼ਰ ਆ ਰਹੇ ਸਨ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਸਰਕਾਰੀ ਕੋਠੀ ਨੂੰ ਲੈ ਕੇ ਨਸ਼ਰ ਕੀਤੀਆਂ ਤਸਵੀਰਾਂ ਬਾਰੇ ਇਤਰਾਜ਼ ਕਰਦਿਆਂ ਉਨ੍ਹਾਂ ਨੇ ਮੀਡੀਆ ਨੂੰ ਅਜਿਹੀ ਪੱਤਰਕਾਰੀ ਕਰਨ ਤੋਂ ਵਰਜ ਦਿੱਤਾ ਹੈ।

ਭਾਜਪਾ ਯੁਵਾ ਨੇਤਾ ਤਜਿੰਦਰਪਾਲ ਸਿੰਘ ਬੱਗਾ ਨਾਲ ਸਬੰਧਿਤ ਘਟਨਾ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੀ ਕਾਰਵਾਈ ਸੰਵਿਧਾਨਿਕ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਦਿੱਲੀ ਬੈਠ ਕੇ ਦਿੱਤੇ ਬਿਆਨ ਬਾਰੇ ਮੁਹਾਲੀ ਵਿੱਚ ਪੁਲਿਸ ਕੇਸ ਦਰਜ ਕਰਨਾ ਗਲਤ ਹੈ। ਉੱਪਰ ਤੋਂ ਕਾਨੂੰਨੀ ਕਾਰਵਾਈ ਕਰੇ ਬਿਨਾਂ ਗ੍ਰਿਫਤਾਰ ਕਰਨ ਲਈ ਦਿੱਲੀ ਜਾ ਪੁੱਜਣਾ, ਸੰਵਿਧਾਨ ਦੇ ਉਲਟ ਹੈ। ਇਸੇ ਕਰਕੇ ਪੰਜਾਬ ਪੁਲਿਸ ਨੂੰ ਨਾਮੋਸ਼ੀ ਝੱਲਣੀ ਪਈ ਹੈ। ਉਨ੍ਹਾਂ ਨੇ ਦਿੱਲੀ ਤੋਂ ਬਾਅਦ ਹਰਿਆਣਾ ਪੁਲਿਸ ਦੀ ਕਾਰਵਾਈ ਨੂੰ ਦਰੁਸਤ ਦੱਸਿਆ ਹੈ। ਕਾਂਗਰਸ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਇਸ਼ਾਰੇ ਉੱਤੇ ਨੱਚ ਰਹੀ ਹੈ ਅਤੇ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਪੁਲਿਸ ਦੀ ਇਸ ਕਾਰਵਾਈ ਬਾਰੇ ਇਲਮ ਨਾ ਹੋਵੇ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਬਜਟ ਬਾਰੇ ਲੋਕਾਂ ਦੇ ਵਿਚਾਰ ਜਾਣਨ ਦੇ ਅਖਬਾਰਾਂ ਵਿੱਚ ਛਪ ਰਹੇ ਮਹਿੰਗੇ ਇਸ਼ਤਿਹਾਰ ਨਿਰਾ ਡਰਾਮਾ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਰਾਜ ਸਭਾ ਦੇ ਪੰਜ ਮੈਂਬਰਾਂ ਦੀ ਚੋਣ ਕਰਨ ਵੇਲੇ ਲੋਕਾਂ ਦੇ ਵਿਚਾਰ ਲੈਣ ਦੀ ਲੋੜ ਸੀ ਪਰ ਉਦੋਂ ਅੱਖੋਂ ਪਰੋਖੇ ਕਰ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਬਜਟ ਬਾਰੇ ਗੁਜਰਾਤ ਸਮੇਤ ਹੋਰ ਸੂਬਿਆਂ ਦੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਛਪਾਉਣ ਲਈ ਰੋੜੇ ਜਾ ਰਹੇ ਪੈਸੇ ਉੱਤੇ ਚਿੰਤਾ ਵੀ ਪ੍ਰਗਟ ਕੀਤੀ ਹੈ।