Punjab

ਟਰਾਂਸਪੋਰਟ ਮਾਫੀਆ ਨੇ ਖ਼ਜ਼ਾਨੇ ਨੂੰ ਲਾਇਆ ਤਿੰਨ ਹਜ਼ਾਰ ਕਰੋੜ ਦਾ ਰਗੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਮੰਤਰੀ ਬਦਲਦਿਆਂ ਹੀ ਬੱਸਾਂ ਵਾਲਿਆਂ ਦੀ ਸ਼ਾਮਤ ਆ ਗਈ ਹੈ। ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਤਿੰਨ ਹਫ਼ਤਿਆਂ ਦੌਰਾਨ 258 ਬੱਸਾਂ ਨੂੰ ਜ਼ਬਤ ਕੀਤਾ ਹੈ ਅਤੇ ਬਕਾਇਆ ਟੈਕਸ ਰਾਹੀਂ ਚਾਰ ਕਰੋੜ 29 ਲੱਖ ਰੁਪਏ ਦੀ ਉਗਰਾਹੀ ਕੀਤੀ ਹੈ। ਇਸ ਹਿਸਾਬ ਨਾਲ ਪੰਜਾਬ ਨੂੰ ਹੁਣ ਤੱਕ ਤਿੰਨ ਹਜ਼ਾਰ ਕਰੋੜ ਰੁਪਏ ਤੱਕ ਦਾ ਚੂਨਾ ਲੱਗ ਚੁੱਕਾ ਹੈ। ਰਾਜਾ ਵੜਿੰਗ ਨੇ ਬਾਦਲਕਿਆਂ ਨੂੰ ਟਰਾਂਸਪੋਰਟ ਮਾਫੀਆ ਦਾ ਕਿੰਗ ਪਿਨ ਦੱਸਦਿਆਂ ਗੈਰ-ਕਾਨੂੰਨੀ ਤੌਰ ‘ਤੇ ਚੱਲਦੀਆਂ ਬੱਸਾਂ ਨੂੰ ਸੜਕਾਂ ਤੋਂ ਲਾਹੁਣ ਦਾ ਵਾਅਦਾ ਦੁਹਰਾਇਆ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਨੂੰ ਬਚਾਉਣ ਲਈ ਪੰਜਾਬ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਬਾਦਲਾਂ ਦਾ ਟਰਾਂਸਪੋਰਟ ‘ਤੇ ਕਬਜ਼ਾ ਖਤਮ ਕਰਨਗੇ ਪਰ ਇਸ ਉੱਤੇ ਸਮਾਂ ਲੱਗੇਗਾ। ਉਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਦੋਵੇਂ ਟਰਾਂਸਪੋਰਟ ਮੰਤਰੀਆਂ ਰਜ਼ੀਆ ਸੁਲਤਾਨਾ ਅਤੇ ਅਰੁਣਾ ਚੌਧਰੀ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਵੀ ਹੱਥ ਬੰਨ੍ਹੇ ਹੋਏ ਸਨ।

ਪੰਜਾਬ ਟਰਾਂਸਪੋਰਟ ਵਿਭਾਗ ਨੇ ਸੂਬੇ ਦੇ ਆਵਾਜਾਈ ਖੇਤਰ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਦੇ ਉਦੇਸ਼ ਨਾਲ ਅੱਜ ਟੈਕਸ ਚੋਰੀ, ਅਧੂਰੇ ਦਸਤਾਵੇਜ਼ਾਂ ਅਤੇ ਗ਼ੈਰ-ਕਾਨੂੰਨੀ ਪਰਮਿਟਾਂ ‘ਤੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਨੂੰ ਜਾਰੀ ਰੱਖਦਿਆਂ ਲੰਘੇ ਕੱਲ੍ਹ ਅੱਠ ਜ਼ਿਲ੍ਹਿਆਂ ਵਿੱਚ 38 ਬੱਸਾਂ ਜ਼ਬਤ ਕੀਤੀਆਂ ਅਤੇ ਇੱਕ ਬੱਸ ਦਾ ਚਲਾਨ ਕੱਟਿਆ। ਚੈਕਿੰਗ ਮੁਹਿੰਮ ਦੌਰਾਨ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਗੁਰਦਾਸਪੁਰ ਦੇ ਚੈਕਿੰਗ ਦਸਤੇ ਨੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਨਿਊ ਦੀਪ ਬੱਸ ਸਰਵਿਸ, ਦਾਲਮ ਅਤੇ ਬਾਬਾ ਨੰਦ ਬੱਸ ਸਰਵਿਸ ਦੀ ਇੱਕ-ਇੱਕ ਬੱਸ ਅਤੇ ਰਾਜਧਾਨੀ ਬੱਸ ਸਰਵਿਸ ਦੀਆਂ ਦੋ ਬੱਸਾਂ ਸ਼ਾਮਲ ਹਨ ਜਦਕਿ ਆਰ.ਟੀ.ਏ. ਫ਼ਿਰੋਜ਼ਪੁਰ ਵੱਲੋਂ ਚਾਰ ਬੱਸਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਨਿਊ ਬੱਸ ਸਰਵਿਸ ਦੀਆਂ ਦੋ ਬੱਸਾਂ ਅਤੇ ਰਾਜ ਬਸ ਸਰਵਿਸ ਤੇ ਟੂਰਿਸਟ ਬੱਸ ਦੀ ਇੱਕ-ਇੱਕ ਬੱਸ ਸ਼ਾਮਲ ਹੈ। ਇਸੇ ਤਰ੍ਹਾਂ, ਆਰ.ਟੀ.ਏ. ਐਸ.ਏ.ਐਸ. ਨਗਰ ਵੱਲੋਂ ਚਾਰ ਸੈਲਾਨੀ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿੱਚ ਦੋ ਬੱਸਾਂ ਅਸ਼ੋਕਾ ਟੂਰਿਸਟ ਕੰਪਨੀਆਂ ਅਤੇ ਇੱਕ-ਇੱਕ ਬੱਸ ਸਾਹਿਬਾ ਟੂਰਿਸਟ ਅਤੇ ਵੈਸ਼ਨੋ ਯਾਤਰਾ ਕੰਪਨੀ ਦੀ ਸ਼ਾਮਲ ਹੈ। ਆਰ.ਟੀ.ਏ. ਸੰਗਰੂਰ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਆਰਬਿਟ ਐਵੀਏਸ਼ਨ ਕੰਪਨੀ ਦੀ ਇੱਕ ਬੱਸ ਜ਼ਬਤ ਕੀਤੀ ਗਈ।

ਇਸੇ ਤਰ੍ਹਾਂ ਆਰ.ਟੀ.ਏ. ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਮੈਨੇਜਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਂਝੇ ਤੌਰ ‘ਤੇ ਕੀਤੀ ਗਈ ਚੈਕਿੰਗ ਦੌਰਾਨ ਸੱਤ ਬੱਸਾਂ ਦੇ ਕਾਗ਼ਜ਼ਾਤ ਚੈਕ ਕੀਤੇ ਗਏ ਅਤੇ ਆਰਬਿਟ ਐਵੀਏਸ਼ਨ ਦੀਆਂ ਤਿੰਨ, ਨਿਊ ਦੀਪ ਦੀ ਇੱਕ, ਫ਼ਤਹਿ ਬਸ ਸਰਵਿਸ ਸਮੇਤ ਦੋ ਹੋਰ ਬੱਸਾਂ ਕਬਜ਼ੇ ਵਿੱਚ ਲਈਆਂ ਗਈਆਂ। ਇਸੇ ਤਰ੍ਹਾਂ, ਆਰ.ਟੀ.ਏ. ਅੰਮ੍ਰਿਤਸਰ ਦੇ ਚੈਕਿੰਗ ਦਸਤੇ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਲਈ ਚਾਰ ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਨਿਊ ਦੀਪ ਸਰਵਿਸ, ਗੋਬਿੰਦ, ਭੁਪਿੰਦਰ ਬੱਸ ਸਰਵਿਸ ਅਤੇ ਮਾਲਵਾ ਬੱਸ ਸਰਵਿਸ ਦੀ ਇੱਕ-ਇੱਕ ਬੱਸ ਸ਼ਾਮਲ ਹੈ, ਜਦਕਿ ਆਰ.ਟੀ.ਏ. ਹੁਸ਼ਿਆਰਪੁਰ ਵੱਲੋਂ ਦੋ ਮਿੰਨੀ ਬੱਸਾਂ, ਛੇ ਟੂਰਿਸਟ ਬੱਸਾਂ ਅਤੇ ਇੱਕ ਸਕੂਲ ਬੱਸ ਸਣੇ ਕੁੱਲ ਨੌਂ ਬੱਸਾਂ ਜ਼ਬਤ ਕੀਤੀਆਂ ਗਈਆਂ। ਇਸੇ ਤਰ੍ਹਾਂ ਆਰ.ਟੀ.ਏ. ਬਠਿੰਡਾ ਨੇ ਪੰਜ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿੱਚ ਨਿਊ ਦੀਪ ਦੀਆਂ ਦੋ ਬੱਸਾਂ ਅਤੇ ਡੱਬਵਾਲੀ, ਰਾਜਧਾਨੀ ਅਤੇ ਖੱਟੜਾ ਬੱਸ ਸੇਵਾ ਦੀ ਇੱਕ-ਇੱਕ ਬੱਸ ਸ਼ਾਮਲ ਹੈ।

ਇਸੇ ਦੌਰਾਨ, ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵਧੇਰੇ ਰੁਝੇਵਿਆਂ ਵਾਲੇ ਰੂਟਾਂ ‘ਤੇ ਲੋੜੀਂਦੀ ਗਿਣਤੀ ਵਿੱਚ ਬੱਸਾਂ ਚਲਾਉਣ ਦੇ ਨਾਲ-ਨਾਲ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੈਕਿੰਗ ਮੁਹਿੰਮ ਦਾ ਉਦੇਸ਼ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਟੈਕਸ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ, ਜਿਹੜੇ ਕਿ ਹੁਣ ਤੱਕ ਬੇਪਰਵਾਹ ਘੁੰਮ ਰਹੇ ਸਨ। ਰਾਜਾ ਵੜਿੰਗ ਨੇ ਦੱਸਿਆ ਕਿ ਇਹ ਮੁਹਿੰਮ ਆਪਣੇ ਫੈਸਲਾਕੁੰਨ ਅੰਤ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਬਿਨਾਂ ਟੈਕਸ ਤੇ ਦਸਤਾਵੇਜ਼ਾਂ ਤੋਂ ਇਲਾਵਾ ਗ਼ੈਰ-ਕਾਨੂੰਨੀ ਪਰਮਿਟਾਂ ਨਾਲ ਚੱਲ ਰਹੀਆਂ 296 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ਨੇ ਟੈਕਸ ਅਤੇ ਜੁਰਮਾਨੇ ਵਜੋਂ 4.29 ਕਰੋੜ ਰੁਪਏ ਦੀ ਵੱਡੀ ਰਕਮ ਵਸੂਲੀ ਹੈ।